ਮੀਟਰ ਰੀਡਿੰਗ ਨਾ ਲੈਣ ਕਾਰਨ ਖਪਤਕਾਰ ਪ੍ਰੇਸ਼ਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਘਰੇਲੂ ਮੀਟਰ ਰੀਡਿੰਗ ਤਿੰਨ- ਚਾਰ ਮਹੀਨਿਆਂ ਤੋਂ ਨਾ ਲੈਣ ਅਤੇ ਬਿਨਾਂ ਨੋਟਿਸ ਮੀਟਰ ਬਦਲਣ ਸਬੰਧੀ ਪਾਵਰਕੌਮ ਦੀ ਸਬ-ਡਵੀਜ਼ਨ ਘੁਡਾਣੀ ਕਲਾਂ ਦੇ ਐੱਸ ਡੀ ਓ ਸਤਵੰਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੀਟਰ ਰੀਡਰਾਂ ਵੱਲੋਂ ਲਗਾਤਾਰ ਚਾਰ ਮਹੀਨਿਆਂ ਤੋਂ ਮੀਟਰ ਰੀਡਿੰਗ ਨਹੀਂ ਲਈ ਜਾ ਰਹੀ ਜਿਸ ਕਾਰਨ ਹੁਣ ਘਰੇਲੂ ਖਪਤਕਾਰਾਂ ਨੂੰ ਚਿੰਤਾ ਖੜ੍ਹੀ ਹੋ ਗਈ ਹੈ ਕਿਉਂਕਿ ਇਕੱਠੀਆਂ ਯੂਨਿਟਾਂ ਆਉਣ ਕਾਰਨ ਬਿਲ ਵੀ ਜ਼ਿਆਦਾ ਆਵੇਗਾ, ਜਿਨ੍ਹਾਂ ਨੂੰ ਭਰਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਘਰੇਲੂ ਮੀਟਰਾਂ ਨੂੰ ਮਹਿਕਮੇ ਵੱਲੋਂ ਚੁੱਪ-ਚਾਪ ਬਦਲਿਆ ਜਾ ਰਿਹਾ ਹੈ ਕਿਉਂਕਿ ਉਹ ਖਪਤਕਾਰਾਂ ਨੂੰ ਨਾ ਤਾਂ ਕੋਈ ਨੋਟਿਸ ਭੇਜਦੇ ਹਨ ਅਤੇ ਨਾ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਅਤੇ ਚਿੱਪ ਵਾਲੇ ਮੀਟਰ ਲਾਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਖਪਤਕਾਰਾਂ ਨੂੰ ਬਿਨਾਂ ਨੋਟਿਸ ਭੇਜੇ ਮੀਟਰ ਨਾ ਬਦਲੇ ਜਾਣ, ਮੀਟਰਾਂ ਦੀ ਸਕੈਨ ਕਰਨਾ ਬੰਦ ਕੀਤਾ ਜਾਵੇ, ਮੁਲਾਜ਼ਮਾਂ ਦੀ ਸਰਕਾਰੀ ਭਰਤੀ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਬਿਜਲੀ ਬੋਰਡ ਦੀਆਂ ਪਈਆਂ ਜ਼ਮੀਨਾਂ ਨੂੰ ਸਰਕਾਰ ਵੱਲੋਂ ਵੇਚਿਆ ਜਾ ਰਿਹਾ ਹੈ ਕਿਉਂਕਿ ਬਿਜਲੀ ਇੱਕ ਅਜਿਹਾ ਅੰਗ ਬਣ ਗਿਆ ਹੈ ਜਿਸ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ ਪਰ ਸਰਕਾਰ ਵੱਲੋਂ ਉਹ ਜ਼ਮੀਨਾਂ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਲੋਕਾਂ, ਪੰਚਾਇਤਾਂ ਨੇ ਮੁਫ਼ਤ ਦਿੱਤੀਆਂ ਸਨ ਅੱਜ ਉਨ੍ਹਾਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਐੱਸ ਡੀ ਓ ਨੇ ਭਰੋਸਾ ਦਿੱਤਾ ਕਿ ਮੰਗ ਪੱਤਰ ਉੱਚ ਅਧਿਕਾਰੀਆਂ ਭੇਜਿਆ ਜਾਵੇਗਾ। ਇਸ ਮੌਕੇ ਸੁਦਾਗਰ ਸਿੰਘ ਘੁਡਾਣੀ, ਦਲਜੀਤ ਸਿੰਘ ਬਿੱਟੂ, ਸੁਖਬੀਰ ਸਿੰਘ, ਚਰਨ ਸਿੰਘ , ਸਿੰਦਰ ਸਿੰਘ, ਬਲਦੇਵ ਸਿੰਘ, ਹਰਦੇਵ ਸਿੰਘ, ਸਰਬਜੀਤ ਸਿੰਘ, ਹਰਬੰਸ ਸਿੰਘ, ਕੁਲਵੰਤ ਸਿੰਘ ਦੀਦਾਰ ਸਿੰਘ ਤੇ ਗੁਰਮੇਲ ਸਿੰਘ ਆਦਿ ਹਾਜ਼ਰ ਸਨ।
