Tanda 'ਚ FIR ਦੇ ਵਿਰੋਧ 'ਚ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ ਘੇਰੀ
ਪਾਰਟੀ ਵਰਕਰ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਮੰਗ; ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦਾ ਦੋਸ਼
ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਨੇ ਅੱਜ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਟਾਂਡਾ ਵਿੱਚ ਪਾਰਟੀ ਵਰਕਰ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਕਥਿਤ ਦਬਾਅ ਹੇਠ ਦਰਜ ਕੀਤਾ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਵਰਕਰ ’ਤੇ ਝਾੜੂ ਖਿਲਾਰਨ ਅਤੇ ਇਸ ਦਾ ਨਿਰਾਦਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਕਾਰਵਾਈ ਦੇ ਵਿਰੋਧ ਵਿੱਚ ਟਿੱਬਾ ਰੋਡ ਚੌਕ ਵਿੱਚ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਦੀ ਅਗਵਾਈ ਹੇਠ ਇਕੱਠੇ ਹੋਏ ਵਰਕਰਾਂ ਨੇ ਖੁਦ ਝਾੜੂ ਤੀਲਾ-ਤੀਲਾ ਕਰਦਿਆਂ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਇਨ੍ਹਾਂ ਸਾਰੇ ਪ੍ਰਦਰਸ਼ਨਕਾਰੀ ਆਗੂਆਂ ਖ਼ਿਲਾਫ਼ ਵੀ ਕੇਸ ਦਰਜ ਕਰੇ।
ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੰਜੈ ਤਲਵਾੜ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਅਤੇ ਕਾਂਗਰਸੀ ਵਰਕਰਾਂ ਨੂੰ ਡਰਾਉਣ-ਧਮਕਾਉਣ ਦੀ ਇਸ ਕੋਸ਼ਿਸ਼ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰ ਵੱਲੋਂ ਸਿਰਫ਼ ਵਿਰੋਧ ਵਜੋਂ ਝਾੜੂ ਖਿਲਾਰਨ ਦੇ ਮਾਮਲੇ ਵਿੱਚ ਬੇਅਦਬੀ ਦਾ ਪਰਚਾ ਦਰਜ ਕਰਨਾ ਬਹੁਤ ਹੀ ਨਿੰਦਣਯੋਗ ਹੈ। ਇਹ ਲੋਕਤੰਤਰਿਕ ਹੱਕਾਂ ਦਾ ਸ਼ਰੇਆਮ ਘਾਣ ਹੈ।
ਉਨ੍ਹਾਂ ਸਾਫ਼ ਕੀਤਾ ਕਿ ਕਾਂਗਰਸ ਪਾਰਟੀ ਅਜਿਹੀਆਂ ਧਮਕੀਆਂ ਅਤੇ ਕਾਨੂੰਨੀ ਕਾਰਵਾਈਆਂ ਤੋਂ ਡਰਨ ਵਾਲੀ ਨਹੀਂ ਹੈ ਅਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖੇਗੀ। ਉਨ੍ਹਾਂ ਮੰਗ ਕੀਤੀ ਕਿ ਟਾਂਡਾ ਦੇ ਵਰਕਰ ਉੱਤੇ ਦਰਜ ਕੀਤਾ ਗਿਆ ਇਹ ਝੂਠਾ ਪਰਚਾ ਬਿਨਾਂ ਦੇਰੀ ਰੱਦ ਕੀਤਾ ਜਾਵੇ। ਇਸ ਰੋਸ ਪ੍ਰਦਰਸ਼ਨ ਵਿੱਚ ਹਲਕਾ ਪੂਰਬੀ ਦੇ ਬਲਾਕ ਪ੍ਰਧਾਨ, ਮੌਜੂਦਾ ਤੇ ਸਾਬਕਾ ਕੌਂਸਲਰ, ਵਾਰਡ ਇੰਚਾਰਜ, ਮੰਡਲ ਪ੍ਰਧਾਨ, ਵਾਰਡ ਪ੍ਰਧਾਨ, ਸੀਨੀਅਰ ਲੀਡਰਸ਼ਿਪ, ਅਹੁਦੇਦਾਰ ਅਤੇ ਸਮੂਹ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਮਲੌਦ (ਦੇਵਿੰਦਰ ਸਿੰਘ ਜੱਗੀ): ਪਿੰਡ ਕੂਹਲੀ ਵਿੱਚ ਕਾਂਗਰਸ ਦੇ ਜ਼ਿਲ੍ਹਾ ਅਹੁਦੇਦਾਰਾਂ ਅਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਵਿੰਦਰ ਸਿੰਘ ਟੀਨੂੰ ਨੇ ਕਿਹਾ ਕਿ ‘ਆਪ’ ਬੁਖ਼ਲਾਹਟ ਵਿੱਚ ਆ ਕੇ ਲੋਕਾਂ ਉੱਪਰ ਝੂਠੇ ਪਰਚੇ ਦਰਜ ਕਰ ਰਹੀ ਹੈ।
ਮੁੱਲਾਂਪੁਰ ਦਾਖਾ ’ਚ ਝਾੜੂ ਖਿਲਾਰੇ
ਮੁੱਲਾਂਪੁਰ ਦਾਖਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਕਾਂਗਰਸ ਦੇ ਸੱਦੇ ’ਤੇ ਪਾਰਟੀ ਵਰਕਰਾਂ ਖ਼ਿਲਾਫ਼ ‘ਝਾੜੂ ਦਾ ਨਿਰਾਦਰ’ ਦਾ ਕਥਿਤ ਝੂਠਾ ਕੇਸ ਦਰਜ ਕਰਨ ਵਿਰੁੱਧ ਕਾਂਗਰਸੀਆਂ ਨੇ ਅੱਜ ਹਾਈਵੇਅ ਦੇ ਮੁੱਖ ਚੌਕ ਸਥਿਤ ਪੁਲ ਹੇਠਾਂ ਧਰਨਾ ਦਿੱਤਾ। ਹਲਕਾ ਇੰਚਾਰਜ ਅਤੇ ਪਾਰਟੀ ਦੇ ਜਥੇਬੰਦਕ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਲੱਗੇ ਇਸ ਧਰਨੇ ਦੌਰਾਨ ਵਰਕਰਾਂ ਨੇ ਹੱਥਾਂ ਵਿੱਚ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਫੜਿਆ ਹੋਇਆ ਸੀ। ਆਗੂਆਂ ਨੇ ਝਾੜੂ ਦੇ ਤੀਲੇ ਖਿਲਾਰ ਕੇ ਸਰਕਾਰ ’ਤੇ ਬਦਲਾਖੋਰੀ ਤਹਿਤ ਧੱਕੇਸ਼ਾਹੀ ਕਰਨ ਦਾ ਦੋਸ਼ ਮੜ੍ਹਿਆ। ਕੈਪਟਨ ਸੰਦੀਪ ਸੰਧੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੋਂ ਭਗਵੰਤ ਮਾਨ ਸਰਕਾਰ ਸੱਤਾ ਵਿੱਚ ਆਈ ਹੈ, ਉਹ ਲਗਾਤਾਰ ਬਦਲਾਖੋਰੀ ਦੀ ਨੀਤੀ ’ਤੇ ਕੰਮ ਕਰ ਰਹੀ ਹੈ।

