ਰਾਹੁਲ ਦੀ ਫੇਰੀ ਮਗਰੋਂ ਕਾਂਗਰਸ ਇਕਜੁੱਟ ਨਜ਼ਰ ਆਵੇਗੀ: ਵੜਿੰਗ
ਕਾਂਗਰਸ ਆਗੂ ਨੇ ਡੱਲਾ ਦੇ ਸਾਬਕਾ ਸਰਪੰਚ ਕੋਲੋਂ ਪੁਲ ਦਾ ਉਦਘਾਟਨ ਕਰਵਾਇਆ
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਨਜ਼ਦੀਕੀ ਪਿੰਡ ਡੱਲਾ ਵਿੱਚ ਨਹਿਰੀ ਪੁਲ ਦਾ ਉਦਘਾਟਨ ਕਰਨ ਪੁੱਜੇ। ਉਨ੍ਹਾਂ ਨੇ ਇਸ ਪੁਲ ਦਾ ਉਦਘਾਟਨ ਪਿੰਡ ਡੱਲਾ ਦੇ ਸਾਬਕਾ ਸਰਪੰਚ ਰਣਧੀਰ ਸਿੰਘ ਧੀਰਾ ਹੱਥੋਂ ਕਰਵਾਇਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਦੱਸਿਆ ਕਿ ਰਾਹੁਲ ਗਾਂਧੀ ਜਲਦੀ ਹੀ ਪੰਜਾਬ ਦੇ ਦੌਰੇ ’ਤੇ ਆਉਣਗੇ ਅਤੇ ਉਨ੍ਹਾਂ ਦੀ ਫੇਰੀ ਮਗਰੋਂ ਲੋਕਾਂ ਨੂੰ ਨਵੀਂ ਅਤੇ ਇਕਜੁੱਟ ਕਾਂਗਰਸ ਦੇਖਣ ਨੂੰ ਮਿਲੇਗੀ, ਜਿੱਥੇ ਸਾਰੀ ਲੀਡਰਸ਼ਿਪ ਇੱਕ ਮੰਚ ’ਤੇ ਨਜ਼ਰ ਆਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਕਾਂਗਰਸ ਦੇ ਪੱਖ ਵਿੱਚ ਹਨ। ਇਸੇ ਗੱਲੋਂ ਘਬਰਾਈ ਆਮ ਆਦਮੀ ਪਾਰਟੀ ਆਪਣੇ ਆਈ ਟੀ ਸੈੱਲ ਸਮੇਤ ਮੀਡੀਆ ਦੇ ਕੁਝ ਹਿੱਸੇ ਨੂੰ ਵਰਤ ਕੇ ਹਰ ਰੋਜ਼ ਅਫ਼ਵਾਹਾਂ ਫੈਲਾ ਰਹੀ ਹੈ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਸਿਰਫ਼ ਗੱਲਾਂ ਦਾ ਕੜਾਹ ਬਣਾਉਣਾ ਜਾਣਦੇ ਹਨ। ਉਹ ਕਿਹਾ ਕਰਦੇ ਸਨ ਕਿ ਨੀਂਹ ਪੱਥਰਾਂ ’ਤੇ ਆਮ ਲੋਕਾਂ, ਮਿਸਤਰੀਆਂ ਅਤੇ ਮਜ਼ਦੂਰਾਂ ਦੇ ਨਾਮ ਲਿਖ ਕੇ ਉਨ੍ਹਾਂ ਤੋਂ ਉਦਘਾਟਨ ਕਰਵਾਇਆ ਕਰਨਗੇ। ਉਨ੍ਹਾਂ ਚੁਣੌਤੀ ਦਿੱਤੀ ਕਿ ਪੂਰੇ ਪੰਜਾਬ ਵਿੱਚ ਇੱਕ ਵੀ ਅਜਿਹਾ ਨੀਂਹ ਪੱਥਰ ਦਿਖਾ ਦਿੱਤਾ ਜਾਵੇ, ਜਿਸ ਉੱਪਰ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਨੇ ਪਹਿਲਾਂ ਕਹੇ ’ਤੇ ਅਮਲ ਕੀਤਾ ਹੋਵੇ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਕਹਾਉਣ ਵਾਲਿਆਂ ਵਿੱਚ ਹੁਣ ਆਪਣੀ ਤਸਵੀਰ ਅਤੇ ਨਾਮ ਦੀ ਭੁੱਖ ਇਸ ਹੱਦ ਤੱਕ ਹਾਵੀ ਹੋ ਚੁੱਕੀ ਹੈ ਕਿ ਉਹ ਪੁਰਾਣੇ ਬਣੇ ਪਖਾਨਿਆਂ ਦੇ ਬਾਹਰ ਵੀ ਬੋਰਡ ਟੰਗ ਦਿੰਦੇ ਹਨ। ਉਨ੍ਹਾਂ ਪੁੱਛਿਆ ਕਿ ਜਿਹੜੇ ਮੁੱਖ ਮੰਤਰੀ ਪਹਿਲਾਂ ਵਿਰੋਧੀਆਂ ਦਾ ਮਜ਼ਾਕ ਉਡਾਉਂਦੇ ਸਨ, ਅੱਜ ਉਨ੍ਹਾਂ ਦੀਆਂ ਫੋਟੋਆਂ ਕਿਹੜੀ ਥਾਂ ’ਤੇ ਨਹੀਂ ਲੱਗੀਆਂ। ਇਸ ਤੋਂ ਪਹਿਲਾਂ ਜ਼ਿਲ੍ਹਾ ਕਾਂਗਰਸ (ਦਿਹਾਤੀ) ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਰਾਜਾ ਵੜਿੰਗ ਨੂੰ ਜੀ ਆਇਆਂ ਕਿਹਾ।
ਮੁੱਖ ਮੰਤਰੀ ਦੀ ਪਤਨੀ ਅਤੇ ਓ ਐੱਸ ਡੀ ’ਤੇ ਲੱਗੇ ਦੋਸ਼ਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਚਿਹਰੇ ਤੋਂ ਕੱਟੜ ਇਮਾਨਦਾਰੀ ਦਾ ਮਖੌਟਾ ਲੱਥ ਚੁੱਕਿਆ ਹੈ, ਜਦਕਿ ਸਿਹਤ, ਸਿੱਖਿਆ ਅਤੇ ਨਸ਼ਿਆਂ ਸਮੇਤ ਹੋਰ ਮਾਮਲਿਆਂ ਵਿੱਚ ਇਹ ਪਹਿਲਾਂ ਹੀ ਫੇਲ੍ਹ ਸਾਬਤ ਹੋ ਚੁੱਕੀ ਹੈ।

