ਕਾਂਗਰਸ ਨੇ ਟਰੈਕਟਰ ਮਾਰਚ ਰਾਹੀਂ ਪ੍ਰਗਟਾਇਆ ਰੋਸ

ਕਾਂਗਰਸ ਨੇ ਟਰੈਕਟਰ ਮਾਰਚ ਰਾਹੀਂ ਪ੍ਰਗਟਾਇਆ ਰੋਸ

ਸਮਰਾਲਾ ਵਿੱਚ ਟਰੈਕਟਰ ਮਾਰਚ ਦੀ ਅਗਵਾਈ ਕਰਦੇ ਹੋਏ ਵਿਧਾਇਕ ਅਮਰੀਕ ਸਿੰਘ ਢਿੱਲੋਂ।

ਡੀ ਪੀ ਐੱਸ ਬੱਤਰਾ
ਸਮਰਾਲਾ, 26 ਸਤੰਬਰ 

ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਬਿੱਲਾਂ ਖ਼ਿਲਾਫ਼ ਅੱਜ ਕਾਂਗਰਸ ਨੇ ਟਰੈਕਟਰ ਮਾਰਚ ਕੱਢਿਆ ਗਿਆ। ਇਹ ਟਰੈਕਟਰ ਮਾਰਚ ਨੀਲੋਂ ਪੁਲ ਤੋਂ ਸ਼ੁਰੂ ਹੋਇਆ, ਜਿਸ ਦੀ ਅਗਵਾਈ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਖੁਦ ਟਰੈਕਟਰ ਚਲਾ ਕੇ ਕੀਤੀ। ਇਹ ਰੋਸ ਮਾਰਚ ਸਮਰਾਲਾ ਸ਼ਹਿਰ ਵਿੱਚ ਦੀ ਹੁੰਦਾ ਹੋਇਆ ਮਾਛੀਵਾੜਾ ਸਾਹਿਬ ਜਾ ਕੇ ਸਮਾਪਤ ਹੋਇਆ। ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਦੀ ਲੜਾਈ ਆਰ-ਪਾਰ ਦੀ ਹੈ, ਇਸ ਲਈ ਖੇਤੀ ਬਿੱਲਾਂ ਨੂੰ ਲਾਗੂ ਕਰਨ ਲਈ ਬਜ਼ਿੱਦ ਕੇਂਦਰ ਸਰਕਾਰ ਨੂੰ ਝੁਕਾਏ ਬਿਨਾਂ ਕਿਸਾਨਾਂ ਦਾ ਇਹ ਅੰਦੋਲਨ ਰੁਕਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਹ ਬਿੱਲ ਖੇਤੀਬਾੜੀ ਨੂੰ ਤਬਾਹੀ ਦੇ ਰਾਹ ਪਾਉਣ ਵਾਲੇ ਹਨ। ਇਸ ਲਈ ਕਿਸਾਨ ਆਪਣੀ ਰੋਜ਼ੀ-ਰੋਟੀ ਅਤੇ ਬੱਚਿਆਂ ਦਾ ਭਵਿੱਖ ਬਚਾਉਣ ਲਈ ਇਹ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕਾਂਗਰਸ ਪਾਰਟੀ ਵੱਲੋਂ ਖੇਤੀਬਾੜੀ ਬਿੱਲ ਰੱਦ ਕਰਵਾਉਣ ਲਈ ਕਿਸਾਨਾਂ ਨਾਲ ਡਟ ਕੇ ਖੜ੍ਹਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਖੇਤੀ ਬਿੱਲਾਂ ਨੂੰ ਪੰਜਾਬ ਵਿੱਚ ਲਾਗੂ ਨਾ ਕਰਨ ਲਈ ਹਰ ਫਰੰਟ ’ਤੇ ਲੜਾਈ ਲੜੀ ਜਾ ਰਹੀ ਹੈ। ਇਸ ਮੌਕੇ ਕਮਲਜੀਤ ਸਿੰਘ ਢਿੱਲੋਂ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਬੀਰ ਸਿੰਘ ਪੱਪੀ, ਜਤਿੰਦਰ ਸਿੰਘ ਜੋਗਾ ਬਲਾਲਾ, ਸਨੀ ਦੂਆ, ਕਰਨਵੀਰ ਸਿੰਘ ਢਿੱਲੋਂ, ਪ੍ਰਧਾਨ ਸੁਰਿੰਦਰ ਕੁੰਦਰਾ, ਆੜ੍ਹਤੀ ਜਸਮੇਰ ਸਿੰਘ ਢੰਡੇ, ਪੀਏ ਲਬੀ ਢਿੱਲੋਂ, ਅਮਰਨਾਥ ਟਾਗਰਾ, ਬਲਵਿੰਦਰ ਬੰਬ ਅਤੇ ਗੋਗੀ ਪਪੜੌਦੀ ਹਾਜ਼ਰ ਸਨ। 

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਅੱਜ ਨੀਲੋਂ ਪੁਲ ਤੋਂ ਸ਼ੁਰੂ ਹੋਇਆ ਕਾਂਗਰਸ ਦਾ ਟਰੈਕਟਰ ਮਾਰਚ ਮਾਛੀਵਾੜਾ ਅਨਾਜ ਮੰਡੀ ਵਿੱਚ ਸਮਾਪਤ ਹੋਇਆ। ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕੇਂਦਰ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਅੱਖ ਰੱਖਣ ਵਾਲੇ ਮੋਦੀ ਨਾਲ ਸੂਬੇ ਦੇ ਕਿਸਾਨ ਆਰ-ਪਾਰ ਦੀ ਲੜਾਈ ਲੜਨਗੇ ਅਤੇ ਉਸ ਨੂੰ ਸਬਕ ਸਿਖਾ ਕੇ ਹਟਣਗੇ। 

ਯੂਥ ਆਗੂ ਕਰਨਵੀਰ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਦਲਾਂ ਨੇ ਖੇਤੀਬਾੜੀ ਆਰਡੀਨੈਂਸ ਮੁੱਦੇ ’ਤੇ ‘ਘਰ ਦਾ ਭੇਤੀ ਲੰਕਾ ਢਾਹੇ’ ਵਾਲੀ ਭੂਮਿਕਾ ਨਿਭਾਈ, ਜਿਸ ਤੋਂ ਹੁਣ ਪੰਜਾਬ ਦੇ ਲੋਕ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਹੁਣ ਜਾਗਰੂਕ ਹੋ ਚੁੱਕੇ ਜੋ ਬਾਦਲਾਂ ਦੀਆਂ ਲੂੰਬੜ ਚਾਲਾਂ ਵਿਚ ਨਹੀਂ ਫਸਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All