Congress Protests: ਕਾਂਗਰਸੀਆਂ ਨੇ ਵਿੱਤ ਮੰਤਰੀ ਦੀ ਅਰਥੀ ਫੂਕੀ
ਡੀ ਜੀ ਪੀ ਦੇ ਨਾਮ ਮੰਗ ਪੱਤਰ ਦੇ ਕੇ ਕੇਸ ਦਰਜ ਕਰਨ ਦੀ ਮੰਗ
ਨਸ਼ੇ ਬਾਰੇ ਸਵਾਲ ਕਰਨ ਮਗਰੋਂ ਖ਼ੁਦਕੁਸ਼ੀ ਕਰ ਗਏ ਗੁਲਜ਼ਾਰ ਸਿੰਘ ਦੇ ਮਾਮਲੇ ਵਿੱਚ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਜਿਸ ਵਿੱਚ ਨਸ਼ੇ ਦਾ ਮੁੱਦਾ ਭਾਰੂ ਰਿਹਾ। ਰੋਸ ਮਾਰਚ ਤੋਂ ਪਹਿਲਾਂ ਹਾਈਵੇਅ ’ਤੇ ਮੁੱਖ ਤਹਿਸੀਲ ਚੌਕ ਵਿੱਚ ਕਾਂਗਰਸੀਆਂ ਨੇ ਧਰਨਾ ਦਿੱਤਾ ਜਿਸ ਉਪਰੰਤ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੀ ਅਗਵਾਈ ਹੇਠ ਪੰਜਾਬ ਪੁਲੀਸ ਦੇ ਮੁਖੀ ਦੇ ਨਾਮ ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਵਿੱਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ।
ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਮਨਜੀਤ ਸਿੰਘ ਹੰਬੜਾਂ, ਰਾਜੇਸ਼ਇੰਦਰ ਸਿੱਧੂ, ਗੋਪਾਲ ਸ਼ਰਮਾ, ਪ੍ਰਸ਼ੋਤਮ ਖਲੀਫਾ, ਨੀਟਾ ਸਭਰਵਾਲ, ਹਰਪ੍ਰੀਤ ਸਿੰਘ ਧਾਲੀਵਾਲ, ਨਵਦੀਪ ਗਰੇਵਾਲ, ਕੁਲਵੰਤ ਸਿੰਘ ਡਾਂਗੀਆਂ ਆਦਿ ਨੇ ਕਿਹਾ ਕਿ ਗੁਲਜ਼ਾਰ ਸਿੰਘ ਮਾਮਲੇ ਵਿੱਚ ਸਰਕਾਰ ਤੇ ਪੁਲੀਸ ਨੇ ਕਾਨੂੰਨ ਦੇ ਉਲਟ ਜਾ ਕੇ ਖ਼ਜ਼ਾਨਾ ਮੰਤਰੀ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਜਲਦ ਹੀ ਕਾਂਗਰਸ ਵੱਡਾ ਪ੍ਰਦਰਸ਼ਨ ਕਰੇਗੀ ਜਿਸ ਵਿੱਚ ਨਵੇਂ ਲਾਏ ਗਏ ਇੰਚਾਰਜ ਸਚਿਨ ਪਾਇਲਟ ਵੀ ਸ਼ਾਮਲ ਹੋਣਗੇ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਬੋਦਲਵਾਲਾ, ਸਤਿੰਦਰਜੀਤ ਤਤਲਾ, ਹਰਦੀਪ ਸਿੰਘ ਲਾਲੀ, ਸੁਖਵਿੰਦਰ ਸਿੰਘ ਗਗੜਾ, ਅਸ਼ਵਨੀ ਕੁਮਾਰ, ਸਰਬਜੀਤ ਖਹਿਰਾ, ਨੀਟਾ ਰੂਮੀ ਆਦਿ ਹਾਜ਼ਰ ਸਨ।

