Congress protest in Ludhiana: ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ
ਸ਼ੁੱਧੀਕਰਨ ਦੀ ਘਟਨਾ ਅਤੇ ਰਾਹੁਲ ਗਾਂਧੀ ’ਤੇ ਕੇਸ ਦਰਜ ਕਰਨ ਦੀ ਨਿਖੇਧੀ
ਝਾਂਸੀ ਰਾਣੀ ਚੌਕ ਵਿੱਚ ਕਾਂਗਰਸੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ। ਕੁੱਲ ਹਿੰਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਹਲਦਵਾਨੀ ਵਾਲੇ ਸਮਾਗਮ ਤੋਂ ਬਾਅਦ ਸ਼ੁੱਧੀਕਰਨ ਦੇ ਮਾਮਲੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਬੋਲੇ ਹਮਲੇ ਤੋਂ ਬਾਅਦ ਉਨ੍ਹਾਂ ਵਿਰੁੱਧ ਦਰਜ ਐੱਫ ਆਈ ਆਰ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਇਹ ਅਰਥੀ ਫੂਕੀ ਗਈ। ਹਲਕੇ ਵਿੱਚ ਪੈਂਦੇ 82 ਪਿੰਡਾਂ ਤੇ ਸ਼ਹਿਰ ਵਿਚਲੇ 23 ਵਾਰਡਾਂ ਦੇ ਬਾਵਜੂਦ ਫਿੱਕਾ ਇਕੱਠ ਚਰਚਾ ਦਾ ਵਿਸ਼ਾ ਬਣ ਗਿਆ। ਇਸ ਸਮੇਂ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਖੜ੍ਹੇ ਪੈਰ ਸੁਨੇਹਾ ਲੱਗਣ ਕਰਕੇ ਇਕੱਠ ਕੁਝ ਘੱਟ ਹੋ ਸਕਿਆ। ਉਨ੍ਹਾਂ ਹਲਕੇ ਅੰਦਰ ਕਾਂਗਰਸ ਦੇ ਮਜ਼ਬੂਤ ਤੇ ਇਕਜੁੱਟ ਹੋਣ ਦਾ ਦਾਅਵਾ ਕੀਤਾ। ਮੁਜ਼ਾਹਰੇ ਸਮੇਂ ਬਲਾਕ ਪ੍ਰਧਾਨ ਹਰਪ੍ਰੀਤ ਧਾਲੀਵਾਲ, ਸਾਬਕਾ ਪ੍ਰਧਾਨ ਗੋਪਾਲ ਸ਼ਰਮਾ, ਐਡਵੋਕੇਟ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਸਰਪੰਚ ਕੁਲਦੀਪ ਸਿੰਘ ਬੋਦਲਵਾਲਾ, ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ, ਸਤਿੰਦਰਜੀਤ ਸਿੰਘ ਤਤਲਾ ਤੇ ਹੋਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਕਈ ਸਾਲਾਂ ਤੋਂ ਦਲਿਤਾਂ ਤੇ ਕਮਜ਼ੋਰ ਵਰਗ ਦੀ ਆਵਾਜ਼ ਬਣ ਕੇ ਗੂੰਜ ਰਹੇ ਹਨ। ਇਸ ਮੌਕੇ ਜਗਤਾਰ ਸਿੰਘ ਜੱਗਾ, ਨਵਦੀਪ ਗਰੇਵਾਲ, ਸਿਮਰ ਮੱਲ੍ਹਾ, ਹਰਦੀਪ ਜੱਸੀ, ਰਮਿੰਦਰਜੀਤ ਸਿੰਘ ਗਿੱਲ, ਰਵਿੰਦਰ ਸਭਰਵਾਲ, ਸੁਖਚੈਨ ਸਿੰਘ ਗਿੱਲ, ਨਿਰਭੈ ਸਿੰਘ ਭੋਲਾ ਤੇ ਹੋਰ ਆਗੂ ਹਾਜ਼ਰ ਸਨ।
ਲੁਧਿਆਣਾ (ਟਨਸ): ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਉੱਤਰਾਖੰਡ ਵਿੱਚ ਹੋਏ ਸਮਾਗਮ ਤੋਂ ਬਾਅਦ ਥਾਂ ਦੇ ਸ਼ੁੱਧੀਕਰਨ ਦੀ ਘਟਨਾ ਦੇ ਵਿਰੋਧ ਵਿੱਚ ਭਾਜਪਾ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ਅਤੇ ਇਸ ਮਾਮਲੇ ਦਾ ਵਿਰੋਧ ਕਰਨ ’ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਖ਼ਿਲਾਫ਼ ਕੇਸ ਦਰਜ ਕਰਨ ਖ਼ਿਲਾਫ਼ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਵੱਲੋਂ ਟਿੱਬਾ ਰੋਡ ਦਫ਼ਤਰ ਦੇ ਬਾਹਰ ਭਾਜਪਾ ਦਾ ਪੁਤਲਾ ਫੂਕਿਆ ਗਿਆ। ਇਹ ਪ੍ਰਦਰਸ਼ਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦੇ ਪ੍ਰਧਾਨ ਸੰਜੇ ਤਲਵਾੜ ਦੀ ਅਗਵਾਈ ਹੇਠ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦਾ ਪੁਤਲਾ ਫੁਕਿਆ। ਇਸ ਮੌਕੇ ਸੁਰਿੰਦਰ ਕੌਰ, ਨਿੱਕੀ ਰਿਐਤ ਤੇ ਪਵਨ ਦੀਵਾਨ ਸਣੇ ਕਾਂਗਰਸੀ ਆਗੂ ਮੌਜੂਦ ਸਨ, ਜਿਨ੍ਹਾਂ ਨੇ ਵੀ ਸੰਬੋਧਨ ਕੀਤਾ।

