ਕਾਂਗਰਸ ਵੱਲੋਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਧਰਨੇ ਦੀ ਤਿਅਰੀ
ਜਸਬੀਰ ਸਿੰਘ ਸ਼ੇਤਰਾ
ਮੁੱਲਾਂਪੁਰ ਦਾਖਾ, 10 ਜੁਲਾਈ
ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਮੀਟਿੰਗ ਅੱਜ ਇਥੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਹੋਈ। ਇਸ ਵਿੱਚ ਇਸ ਨੀਤੀ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਇਸ ਦਾ ਡਟਵਾਂ ਵਿਰੋਧ ਕਰਨ ਅਤੇ ਰੱਦ ਕਰਵਾਉਣ ਤਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਨਾਲ ਹੀ ਇਸ ਨੀਤੀ ਖ਼ਿਲਾਫ਼ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਦੇ ਐਲਾਨੇ ਪ੍ਰੋਗਰਾਮ ਦੀ ਹਮਾਇਤ ਦਾ ਐਲਾਨ ਕੀਤਾ।
ਕਾਂਗਰਸ ਪਾਰਟੀ ਵੱਲੋਂ 14 ਜੁਲਾਈ ਨੂੰ ਗਲਾਡਾ ਦਫ਼ਤਰ ਘੇਰਨ ਦੇ ਐਲਾਨੇ ਪ੍ਰੋਗਰਾਮ ਦੀ ਤਿਆਰੀ ਦਾ ਵੀ ਜਾਇਜ਼ਾ ਲਿਆ ਗਿਆ। ਮੀਟਿੰਗ ਵਿੱਚ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਪਰਮਜੀਤ ਸਿੰਘ ਘਵੱਦੀ ਅਤੇ ਮਾਰਕੀਟ ਕਮੇਟੀ ਜਗਰਾਉਂ ਦੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਸਾਬਕਾ ਮੰਤਰੀ ਕੋਟਲੀ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ ਇਸ ਨੇ ਇਕ ਤੋਂ ਬਾਅਦ ਇਕ ਲੋਕ ਵਿਰੋਧੀ ਫ਼ੈਸਲੇ ਲਾਗੂ ਕੀਤੇ ਹਨ। ਪੰਜਾਬ ਦਾ ਖਜ਼ਾਨਾ ਲੁੱਟ ਕੇ ਦਿੱਲੀ ਦੇ ਧਾੜ੍ਹਵੀ ਲਿਜਾ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਸਾਹਮਣੇ ਗੋਡੇ ਟੇਕ ਦਿੱਤੇ ਹਨ। ਇਹ ਆਗੂ ਦਿੱਲੀ ਦੇ ਲੋਕਾਂ ਨੇ ਵਿਹਲੇ ਕਰ ਦਿੱਤੇ ਜਿਹੜੇ ਹੁਣ ਪੰਜਾਬ ਵਿੱਚ ਲੁੱਟ ਦੀ ਨੀਅਤ ਨਾਲ ਡੇਰੇ ਲਾਈ ਬੈਠੈ ਹਨ।
ਉਨ੍ਹਾਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਦਿੱਤੇ ਜਾਣ ਵਾਲੇ ਧਰਨੇ ਦੀ ਰਣਨੀਤੀ’ਤੇ ਵੀ ਚਰਚਾ ਕੀਤੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਨਾਲ ਧੱਕੇਸ਼ਾਹੀ ਕਰਕੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰ ਰਹੀ ਹੈ। ਪਰ ਕਾਂਗਰਸ ਪਾਰਟੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਖੜ੍ਹੀ ਹੈ ਅਤੇ ਅਜਿਹਾ ਨਹੀਂ ਹੋਣ ਦੇਵੇਗੀ। ਇਸ ਮੌਕੇ ਮਨਪ੍ਰੀਤ ਸਿੰਘ ਈਸੇਵਾਲ, ਪ੍ਰੇਮ ਸਿੰਘ ਬਾਸੀਆਂ ਬੇਟ, ਸੁਖਵਿੰਦਰ ਸਿੰਘ ਪਮਾਲੀ, ਕਮਲਜੀਤ ਸਿੰਘ ਦੇਤਵਾਲ, ਰਣਜੀਤ ਸਿੰਘ ਕੋਠੇ ਹਾਂਸ, ਕੁਲਦੀਪ ਸਿੰਘ ਛਪਾਰ, ਕੁਲਦੀਪ ਬੱਦੋਵਾਲ, ਗੁਰਮੀਤ ਸਿੰਘ ਮਿੰਟੂ ਰੂਮੀ, ਇੰਦਰਪਾਲ ਸਿੰਘ ਗੋਰਸੀਆਂ, ਸੁਰਿੰਦਰ ਸਿੰਘ ਟੋਨੀ, ਸੰਦੀਪ ਜੋਧਾਂ, ਤਨਵੀਰ ਜੋਧਾਂ, ਜਸਵਿੰਦਰ ਸਿੰਘ ਹੈਪੀ, ਪਰਵਿੰਦਰ ਮੁੱਲਾਂਪੁਰ, ਸੁਭਾਸ਼ ਕੁਮਾਰ ਤੇ ਹੋਰ ਹਾਜ਼ਰ ਸਨ।