ਗੁਰਿੰਦਰ ਸਿੰਘ
ਲੁਧਿਆਣਾ, 18 ਸਤੰਬਰ
ਬਹੁਚਰਚਿਤ ਇੰਸਟਾਗ੍ਰਾਮ ਸਟਾਰ ਜਸਨੀਤ ਕੌਰ ਦੇ ਨਾਲ ਮਹਾਂਨਗਰ ਦੇ ਕਾਰੋਬਾਰੀ ਗੁਰਵੀਰ ਸਿੰਘ ਨੂੰ ਬਲੈਕਮੇਲ ਕਰਨ ਦੇ ਮਾਮਲੇ ਵਿੱਚ ਗਵਾਹ ਹਰਜੀਤ ਸਿੰਘ ਨੂੰ ਅਗਵਾ ਕਰਨ ਅਤੇ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਆਗੂ ਲੱਕੀ ਸੰਧੂ ਨੇ ਉਸ ਨੂੰ ਪੁਲੀਸ ਹਿਰਾਸਤ ‘ਚ ਜ਼ਹਿਰੀਲਾ ਪਦਾਰਥ ਦੇਣ ਦਾ ਦੋਸ਼ ਲਗਾਇਆ ਹੈ ਅਤੇ ਇਸ ਬਾਰੇ ਹਸਪਤਾਲ ਦੀ ਰਿਪੋਰਟ ਵੀ ਸਾਂਝੀ ਕੀਤੀ ਹੈ।
ਪੁਲੀਸ ਕੋਲ ਰਿਮਾਂਡ ‘ਤੇ ਚੱਲ ਰਹੇ ਕਾਂਗਰਸੀ ਆਗੂ ਵੱਲੋਂ ਇਸ ਬਾਰੇ ਸੋਸ਼ਲ ਮੀਡੀਆ ਫੇਸਬੁੱਕ ‘ਤੇ ਇੱਕ ਪੋਸਟ ਪਾਈ ਗਈ ਹੈ, ਜਿਸ ‘ਚ ਉਸ ਵੱਲੋਂ ਇਸ ਦੋਸ਼ ਦੇ ਨਾਲ ਪੁਲੀਸ ’ਤੇ ਕਈ ਤਰ੍ਹਾਂ ਦੇ ਹੋਰ ਦੋਸ਼ ਵੀ ਲਗਾਏ ਹਨ। ਦੂਜੇ ਪਾਸੇ ਥਾਣਾ ਸਾਹਨੇਵਾਲ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਨੇ ਸੋਸ਼ਲ ਮੀਡੀਆ ਫੇਸਬੁੱਕ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਹੈ ਕਿ ਲੱਕੀ ਸੰਧੂ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਸੀ ਅਤੇ ਉਸ ਦਾ ਇਲਾਜ ਕੀਤਾ ਗਿਆ ਹੈ ਅਤੇ ਉਹ ਫਿਲਹਾਲ ਉਹ ਲਾਕਅੱਪ ’ਚ ਹੈ।
ਕਾਂਗਰਸੀ ਆਗੂ ਲੱਕੀ ਸੰਧੂ ਦੀ ਫੇਸਬੁੱਕ ਆਈਡੀ ਤੋਂ ਪਾਈ ਗਈ ਪੋਸਟ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜਦੋਂ ਉਸ ਨੂੰ ਐੱਸਪੀਐੱਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤਾਂ ਉੱਥੇ ਹਲਚਲ ਮਚ ਗਈ ਅਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਜੇਕਰ ਲੱਕੀ ਸੰਧੂ ਪੁਲੀਸ ਹਿਰਾਸਤ ਵਿੱਚ ਹੈ ਤਾਂ ਉਸ ਕੋਲ ਜ਼ਹਿਰ ਕਿੱਥੋਂ ਆਇਆ ਅਤੇ ਉਸ ਨੂੰ ਜ਼ਹਿਰੀਲੀ ਚੀਜ਼ ਕਿਸ ਨੇ ਖੁਆਈ। ਜਿਸ ਤੋਂ ਬਾਅਦ ਪੁਲੀਸ ਅਧਿਕਾਰੀਆਂ ਦੇ ਫ਼ੋਨ ਵੱਜਦੇ ਰਹੇ। ਇਸ ਦੌਰਾਨ ਪੋਸਟ ਅਪਲੋਡ ਕਰਨ ਵਾਲੇ ਵਿਅਕਤੀ ਨੇ ਆਪਣੀ ਹਸਪਤਾਲ ਦੀ ਰਿਪੋਰਟ ਵੀ ਪੋਸਟ ਕੀਤੀ ਹੈ।
ਇਸ ਸਬੰਧੀ ਜਦੋਂ ਥਾਣਾ ਸਦਰ ਦੇ ਇੰਚਾਰਜ ਇੰਦਰਜੀਤ ਸਿੰਘ ਬੋਪਾਰਾਏ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੱਕੀ ਸੰਧੂ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਸੀ।
ਉਹ ਐਸਪੀਐਸ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਸੀ, ਇਸ ਲਈ ਉਸ ਦੀ ਜਾਂਚ ਕੀਤੀ ਗਈ। ਉਨ੍ਹਾਂ ਦੀ ਹਾਲਤ ਪਹਿਲਾਂ ਵੀ ਠੀਕ ਸੀ ਅਤੇ ਹੁਣ ਵੀ ਠੀਕ ਹੈ। ਹੁਣ ਅਸੀਂ ਇਸ ਦੀ ਜਾਂਚ ਕਰਾਂਵਾਂਗੇ ਕਿ ਫੇਸਬੁੱਕ ‘ਤੇ ਗਲਤ ਸੰਦੇਸ਼ ਕਵਿੇਂ ਫੈਲਾਇਆ ਗਿਆ।