ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਨੇ ਹਲਕਾ ਪੱਛਮੀ ਦੀ ਅੰਮ੍ਰਿਤ ਕਲੋਨੀ ਵਿੱਚ ਸਥਿਤ ਰਾਮ ਕੁਮਾਰ ਦੇ ਗ੍ਰਹਿ ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਦੀਵਾਨ ਨੇ ਕਿਹਾ ਕਿ ਸਰਕਾਰੀ ਦਾਅਵਿਆਂ ਦੇ ਉਲਟ ਅਸਲੀਅਤ ਵਿੱਚ ਲੋਕ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ।
ਮੀਟਿੰਗ ਵਿੱਚ ਸ਼ਾਮਲ ਲੋਕਾਂ ਨੇ ਦੱਸਿਆ ਕਿ ਇਲਾਕੇ ਦੀਆਂ ਸੜਕਾਂ ਦੀ ਹਾਲਤ ਬੇਹੱਦ ਖ਼ਸਤਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ, ਜੋ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹਦਾ ਹੈ। ਦੀਵਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਸਿਰਫ਼ ਦਿਖਾਵੇਬਾਜ਼ੀ ਕਰ ਰਹੀ ਹੈ, ਜਦਕਿ ਵਿਕਾਸ ਜ਼ਮੀਨੀ ਪੱਧਰ ’ਤੇ ਕਿਧਰੇ ਨਜ਼ਰ ਨਹੀਂ ਆ ਰਿਹਾ। ਇਸ ਮੌਕੇ ਰੋਹਿਤ ਪਾਹਵਾ, ਕ੍ਰਿਸ਼ਨ ਲਾਲ, ਮਨਜੀਤ ਕੁਮਾਰ, ਹਨੂੰਮਾਨ ਬਾਹਰੀ, ਵੇਦ ਪ੍ਰਕਾਸ਼, ਸੁਖਚੈਨ ਸਿੰਘ ਬਰਾੜ, ਡਾ. ਰਣਜੀਤ ਸਕਸੈਨਾ, ਮਹੀਪਾਲ ਲੋਹਟ, ਚੰਦਨ ਵਰਮਾ ਤੇ ਪ੍ਰਦੀਪ ਯਾਦਵ ਹਾਜ਼ਰ ਸਨ।

