Democratic Teachers Front Slams AAP Govt: ਅਧਿਆਪਕਾਂ ਦੀਆਂ ਜਬਰੀ ਡਿਊਟੀਆਂ ਲਾਉਣ ਦੀ ਨਿਖੇਧੀ
ਡੀ ਟੀ ਐੱਫ ਨੇ ਅਧਿਆਪਕਾਂ ਤੋਂ ਸਵੈ-ਇੱਛਾ ਨਾਲ ਕੰਮ ਕਰਵਾੳੁਣ ਦੀ ਮੰਗ ਕੀਤੀ
ਅਧਿਆਪਕਾਂ ਨੂੰ ਗ਼ੈਰ-ਵਿੱਦਿਅਕ ਕੰਮਾਂ ਤੋਂ ਮੁਕਤ ਕਰਨ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ‘ਆਪ’ ਸਰਕਾਰ ਦੇ ਦਾਅਵਿਆਂ ’ਤੇ ਸਵਾਲ ਚੁੱਕਦਿਆਂ ਡੈਮੋਕਰੈਟਿਕ ਟੀਚਰਜ਼ ਫਰੰਟ (ਡੀ ਟੀ ਐੱਫ) ਨੇ ਰੋਸ ਜ਼ਾਹਰ ਕੀਤਾ ਹੈ। ਜਥੇਬੰਦੀ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ ਨੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵੱਲੋਂ 607 ਅਧਿਆਪਕਾਂ ਦੀ ਡਰੱਗ ਜਨਗਣਨਾ ਵਿੱਚ ਜਬਰੀ ਡਿਊਟੀ ਲਾਉਣ ਦੀ ਨਿਖੇਧੀ ਕੀਤੀ ਹੈ।
ਅਧਿਆਪਕ ਆਗੂਆਂ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਇਹ ਡਿਊਟੀ ਸਵੈ-ਇੱਛਤ ਹੋਣੀ ਚਾਹੀਦੀ ਹੈ, ਪਰ ਪ੍ਰਸ਼ਾਸਨ ਵੱਲੋਂ ਇਸ ਨੂੰ ਜਬਰੀ ਥੋਪਿਆ ਜਾ ਰਿਹਾ ਹੈ। ਡੀ ਟੀ ਐੱਫ ਦੇ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ ਸੀ, ਪਰ ਰਾਹਤ ਮਿਲਣ ਦੀ ਬਜਾਏ ਅਧਿਆਪਕਾਂ ਦੀਆਂ ਡਿਊਟੀਆਂ ਦੂਰ-ਦੁਰਾਡੇ ਲਾ ਦਿੱਤੀਆਂ ਹਨ। ਮਨਪ੍ਰੀਤ ਸਿੰਘ ਸਮਰਾਲਾ, ਬਲਵੀਰ ਸਿੰਘ ਬਾਸੀਆਂ ਅਤੇ ਹੋਰਨਾਂ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ 80 ਫ਼ੀਸਦੀ ਗ਼ੈਰ-ਵਿੱਦਿਅਕ ਕੰਮ ਅਧਿਆਪਕਾਂ ਤੋਂ ਕਰਵਾਉਂਦੀ ਹੈ, ਜਿਸ ਨਾਲ ਸਕੂਲ ਖ਼ਾਲੀ ਹੋ ਰਹੇ ਹਨ। ਜਥੇਬੰਦੀ ਨੇ ਮੰਗ ਕੀਤੀ ਕਿ ਇਹ ਡਿਊਟੀਆਂ ਸਵੈ-ਇੱਛਾ ਦੇ ਅ-ਧਾਰ ’ਤੇ ਲਾਈਆਂ ਜਾਣ ਅਤੇ ਸੀ ਐੱਸ ਆਰ ਨਿਯਮਾਂ ਅਧੀਨ ਜ਼ਰੂਰੀ ਡਿਊਟੀਆਂ ਜਿਵੇਂ ਵੋਟਾਂ ਜਾਂ ਆਫ਼ਤ ਪ੍ਰਬੰਧਨ ਸਾਰੇ ਵਿਭਾਗਾਂ ਵਿੱਚ ਬਰਾਬਰ ਅਨੁਪਾਤ ਨਾਲ ਵੰਡੀਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਹ ਜ਼ਿੱਦ ਨਾ ਛੱਡੀ ਗਈ, ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
