ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਮੇਜਰ ਸਿੰਘ ਖ਼ਾਲਸਾ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਬਹੁਗਿਣਤੀ ਫ਼ਿਰਕੂ ਰਾਜਨੀਤੀ ਰਾਹੀਂ ਆਪਣਾ ਰਾਜਤੰਤਰ ਚਲਾ ਰਹੀ ਹੈ, ਜੋ ਘੱਟ ਗਿਣਤੀ ਭਾਈਚਾਰੇ ਦੀ ਹੋਂਦ ਲਈ ਖ਼ਤਰਾ ਹੈ। ਅੱਜ ਹਲਕਾ ਆਤਮ ਨਗਰ ਦੇ ਇਲਾਕੇ ਵਿੱਚ ਹੋਈ ਵਰਕਰਾਂ ਦੀ ਇੱਕ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫੈਡਰੇਸ਼ਨ ਵੱਲੋਂ ਇਸ ਖ਼ਤਰੇ ਪ੍ਰਤੀ ਗੰਭੀਰ ਚਿੰਤਨ ਕਰਦਿਆਂ ਆਪਣੀ ਹੋਂਦ ਕਾਇਮ ਰੱਖਣ ਲਈ ਠੋਸ ਕਦਮ ਚੁੱਕੇ ਜਾਣਗੇ। ਸ੍ਰੀ ਖ਼ਾਲਸਾ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਕੱਟੜ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਰਾਹੀਂ ਘੱਟ ਗਿਣਤੀ ਜਮਾਤਾਂ ਨੂੰ ਰਾਸ਼ਟਰ ਵਿਰੋਧੀ ਤੇ ਵੱਖਵਾਦੀ ਐਲਾਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖ਼ਾਸ ਕਰ ਕੇ ਸਿੱਖ ਭਾਈਚਾਰੇ ਵਿਰੁੱਧ ਖਾਲਿਸਤਾਨੀ, ਵੱਖਵਾਦੀ, ਦੇਸ਼ਧ੍ਰੋਹੀ ਆਦਿ ਨਾਂ ਦੇ ਕੇ ਅਤੇ ਦੋਸ਼ ਲਗਾ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀਆਂ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਘੱਟ ਗਿਣਤੀਆਂ ਵਿਰੁੱਧ ਹਿੰਸਾ ਅਤੇ ਫ਼ਿਰਕੂ ਨਫ਼ਰਤ ਫੈਲਾਅ ਕੇ ਸਮਾਜ ਵਿੱਚ ਡੂੰਘੀਆਂ ਖਾਈਆਂ ਪੈਦਾ ਕੀਤੀਆਂ ਗਈਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਫੈਡਰੇਸ਼ਨ ਆਪਣੀ ਧਾਰਮਿਕ, ਭਾਸ਼ਾਈ, ਸੱਭਿਆਚਾਰਕ ਪਛਾਣ ਅਤੇ ਵੱਖਰੀ ਹੋਂਦ ਲਈ ਲੜਾਈ ਜਾਰੀ ਰੱਖੇਗੀ।
ਉਨ੍ਹਾਂ ਜਥੇਬੰਧਕ ਢਾਂਚੇ ਦਾ ਪਸਾਰ ਕਰਦਿਆਂ ਕੁਝ ਅਹਿਮ ਨਿਯੁਕਤੀਆਂ ਦਾ ਐਲਾਨ ਵੀ ਕੀਤਾ, ਜਿਨ੍ਹਾਂ ਵਿੱਚ ਭਾਈ ਬਲਜੀਤ ਸਿੰਘ ਬੀਤਾ ਨੂੰ ਸਕੱਤਰ ਜਨਰਲ, ਭਾਈ ਮਨਦੀਪ ਸਿੰਘ ਅੰਮ੍ਰਿਤਸਰ ਨੂੰ ਕੋਆਰਡੀਨੇਟਰ, ਭਾਈ ਬਲਕਾਰ ਸਿੰਘ ਨੂੰ ਮੀਤ ਪ੍ਰਧਾਨ, ਭਾਈ ਚਰਨਜੀਤ ਸਿੰਘ ਪਠਾਨਕੋਟ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਸਲਾਹਕਾਰ ਬੋਰਡ ਵਿੱਚ ਡਾ. ਭਗਵਾਨ ਸਿੰਘ, ਭਾਈ ਸਰਬਜੀਤ ਸਿੰਘ ਸੋਹਲ, ਭਾਈ ਨਰਿੰਦਰ ਸਿੰਘ ਖਾਲਸਾ ਜੰਮੂ, ਭਾਈ ਹਰਪ੍ਰੀਤ ਸਿੰਘ ਮਝੈਲ ਅਤੇ ਭਾਈ ਗੁਰਮੀਤ ਸਿੰਘ ਦਿੱਲੀ ਨੂੰ ਸ਼ਾਮਲ ਕੀਤਾ ਗਿਆ ਹੈ।

