ਸਨਅਤੀ ਸ਼ਹਿਰ ਲੁਧਿਆਣਾ ਪਤੰਗਾਂ, ਪਟਾਕਿਆਂ ਤੋਂ ਬਾਅਦ ਹੁਣ ਰੰਗਾਂ ਦੇ ਤਿਉਹਾਰ ਹੋਲੀ ਮੌਕੇ ਆਏ ਵੱਖ-ਵੱਖ ਤਰ੍ਹਾਂ ਦੇ ਰੰਗਾਂ ਕਰ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਬਣੀਆਂ ਥੋਕ ਦੀਆਂ ਦੁਕਾਨਾਂ ’ਤੇ ਦੀਵਾਲੀ ਦੇ ਪਟਾਕਿਆਂ ਦੀ ਤਰ੍ਹਾਂ ਹੁਣ ਰੰਗਾਂ ਵਾਲੇ ਪਟਾਕੇ ਅਤੇ ਅੱਗ ਬੁਝਾਉਣ ਲਈ ਵਰਤੇ ਜਾਂਦੇ ਸਿਲੰਡਰਾਂ ਵਰਗੇ, ਰੰਗਾਂ ਦੇ ਸਿਲੰਡਰ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ 4 ਮਾਰਚ ਨੂੰ ਮਨਾਇਆ ਜਾ ਰਿਹਾ ਹੈ ਪਰ ਬਾਜ਼ਾਰਾਂ ਵਿੱਚ ਇਸ ਤਿਉਹਾਰ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਹਨ। ਥੋਕ ਦੇ ਭਾਅ ਰੰਗਾਂ ਅਤੇ ਪਿਚਕਾਰੀਆਂ ਖਰੀਦਣ ਲਈ ਸਨਅਤੀ ਸ਼ਹਿਰ ਲੁਧਿਆਣਾ ਦੇ ਬਾਜ਼ਾਰ ਦੂਰ-ਦੁਰਾਡੇ ਦੇ ਦੁਕਾਨਦਾਰਾਂ ਅਤੇ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇੱਥੋਂ ਦੇ ਟਰੰਕਾਂ ਵਾਲੇ ਬਾਜ਼ਾਰ, ਦਰੇਸੀ ਮੈਦਾਨ ਨੇੜੇ ਪੈਂਦੀ ਮਾਰਕੀਟ, ਗੁੜ੍ਹ ਮੰਡੀ, ਘੁਮਾਰ ਮੰਡੀ ਅਤੇ ਜਵਾਹਰ ਨਗਰ ਕੈਂਪ ਵਿੱਚ ਦੁਕਾਨਦਾਰਾਂ ਵੱਲੋਂ ਹੋਲੀ ਦੇ ਰੰਗ ਅਤੇ ਪਿਚਕਾਰੀਆਂ ਸਜਾ ਕੇ ਰੱਖੇ ਹੋਏ ਹਨ। ਸਮੇਂ ਦੇ ਨਾਲ-ਨਾਲ ਇਸ ਵਾਰ ਰੰਗਾਂ ਅਤੇ ਪਿਚਕਾਰੀਆਂ ਦੇ ਡਿਜ਼ਾਈਨਾਂ ਵਿੱਚ ਵੱਡਾ ਫਰਕ ਦੇਖਣ ਨੂੰ ਮਿਲ ਰਿਹਾ ਹੈ। ਬਾਜ਼ਾਰ ਵਿੱਚ 2 ਤੋਂ 4 ਕਿੱਲੋ ਦੇ ਰੰਗ ਵਾਲੇ ਸਿਲੰਡਰ ਆ ਚੁੱਕੇ ਹਨ ਜੋ ਬਾਹਰੋਂ ਅੱਗ ਬੁਝਾਉਣ ਲਈ ਵਰਤੇ ਜਾਂਦੇ ਸਿਲੰਡਰਾਂ ਦੀ ਤਰ੍ਹਾਂ ਹੀ ਲੱਗਦੇ ਹਨ। ਇਨ੍ਹਾਂ ਵਿੱਚੋਂ ਇੱਕ ਸਮੇਂ ਲਗਾਤਰ 15 ਤੋਂ 20 ਮਿੱਟ ਤੱਕ ਰੰਗ ਨਿਕਲਦਾ ਹੈ। ਇਸ ਦੀ ਕੀਮਤ 500 ਤੋਂ 700 ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਬੱਚਿਆਂ ਲਈ ਖਿਡੌਣਿਆਂ ਦੀਆਂ ਸ਼ਕਲਾਂ ਵਾਲੀਆਂ ਪਿਚਕਾਰੀਆਂ ਵੀ ਖਿੱਚ ਪਾਉਂਦੀਆਂ ਹਨ। ਕਈ ਦੁਕਾਨਦਾਰਾਂ ਕੋਲ ਦੀਵਾਲੀ ਦੇ ਪਟਾਕਿਆਂ ਵਰਗੇ ਦਿਖਦੇ ਰੰਗਾਂ ਦੇ ਪਟਾਕੇ ਰੱਖੇ ਹੋਏ ਹਨ। ਕਈ ਦੁਕਾਨਦਾਰਾਂ ਨੇ ਮੈਜਿਕ ਗਲਾਸ ਰੱਖੇ ਹੋਏ ਹਨ, ਜਿਨ੍ਹਾਂ ਵਿੱਚ ਵਾਰ ਵਾਰ ਪਾਣੀ ਬਦਲਣ ਨਾਲ ਆਪਣੇ ਆਪ ਰੰਗ ਵੀ ਬਦਲਣਗੇ। ਇਸ ਤੋਂ ਇਲਾਵਾਰ ਪ੍ਰੈੱਸ਼ਰ ਗੰਨ, ਫੌਗ ਗੰਨ, ਟੈਂਕ ਗੰਨ ਵੀ ਧਿਆਨ ਖਿੱਚਦੀਆਂ ਹਨ। ਕੈਮੀਕਲ ਵਾਲੇ ਰੰਗਾਂ ਦੇ ਨਾਲ-ਨਾਲ ਇਸ ਵਾਰ ਬਾਜ਼ਾਰਾਂ ਵਿੱਚ ਹਰਬਲ ਰੰਗਾਂ ਦੀਆਂ ਵੀ ਕਈ ਕਿਸਮਾਂ ਦੇਖਣ ਨੂੰ ਮਿਲ ਰਹੀਆਂ ਹਨ।

