ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਜਨਵਰੀ
ਲੁਧਿਆਣਾ ਵਿੱਚ ਐਤਵਾਰ ਸਾਰਾ ਦਿਨ ਬੱਦਲਵਾਈ ਰਹਿਣ ਕਰਕੇ ਠੰਢ ਵਿੱਚ ਹੋਰ ਵਾਧਾ ਹੋ ਗਿਆ ਹੈ। ਸਵੇਰ ਸਮੇਂ ਹਲਕੀ ਧੁੰਦ ਪਈ ਅਤੇ ਸਾਰਾ ਦਿਨ ਤੇਜ਼ ਠੰਢੀਆਂ ਹਵਾਵਾਂ ਵੀ ਚੱਲਦੀਆਂ ਰਹੀਆਂ। ਛੁੱਟੀ ਵਾਲਾ ਦਿਨ ਹੋਣ ਦੇ ਬਾਵਜੂਦ ਲੋਕ ਆਪੋ-ਆਪਣੇ ਘਰਾਂ ਵਿੱਚ ਡੱਕੇ ਰਹੇ।
ਸ਼ਨਿੱਚਰਵਾਰ ਧੁੱਪ ਨਿਕਲਣ ਤੋਂ ਬਾਅਦ ਸਨਅਤੀ ਸ਼ਹਿਰ ਵਿੱਚ ਅੱਜ ਸਾਰਾ ਦਿਨ ਹੀ ਸੰਘਣੇ ਬੱਦਲ ਛਾਏ ਰਹੇ। ਕਈ ਵਾਰ ਰੁਕ ਰੁਕ ਕੇ ਆਏ ਮੀਂਹ ਕਾਰਨ ਵੀ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਿਛਲੇ ਦਿਨਾਂ ਦੌਰਾਨ ਨਿਕਲੀ ਧੁੱਪ ਤੋਂ ਬਾਅਦ ਬਹੁਤੇ ਲੋਕਾਂ ਨੇ ਆਪਣੇ ਗਰਮ ਕੱਪੜੇ ਸਾਂਭਣੇ ਸ਼ੁਰੂ ਕਰ ਦਿੱਤੇ ਸਨ ਜੋ ਅੱਜ ਵਧੀ ਠੰਢ ਨਾਲ ਦੁਬਾਰਾ ਕੱਢਣੇ ਪੈ ਗਏ। ਇਹ ਠੰਢ ਉਨ੍ਹਾਂ ਲੋਕਾਂ ਲਈ ਹੋਰ ਵੀ ਕਹਿਰ ਬਣਕੇ ਆਈ ਹੈ ਜਿਹਨਾਂ ਦੇ ਸਿਰਾਂ ‘ਤੇ ਛੱਤਾਂ ਨਹੀਂ ਅਤੇ ਉਹ ਸ਼ਹਿਰ ਦੇ ਪੁਲਾਂ ਥੱਲੇ ਜਾਂ ਧਾਰਮਿਕ ਥਾਵਾਂ ਦੇ ਬਾਹਰ ਖੁੱਲ੍ਹੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ। ਇੰਨਾਂ ਲੋਕਾਂ ਦੀ ਵਧੇਰੇ ਗਿਣਤੀ ਇੱਥੋਂ ਦੇ ਰੇਲਵੇ ਸਟੇਸ਼ਨ, ਬਸ ਸਟੈਂਡ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਦੁਰਗਾ ਮਾਤਾ ਮੰਦਿਰ ਅਤੇ ਮਾਤਾ ਰਾਣੀ ਚੌਕ ਨੇੜੇ ਦੇ ਪੁਲਾਂ ਹੇਠਾਂ ਦੇਖੀ ਜਾ ਸਕਦੀ ਹੈ।
ਦੂਜੇ ਪਾਸੇ ਸ਼ਹਿਰ ਵਿੱਚ ਗਰਮ ਕੱਪੜਿਆਂ ਦੀਆਂ ਦੁਕਾਨਾਂ ‘ਤੇ ਵੀ ਗ੍ਰਾਹਕਾਂ ਦੀ ਰੌਣਕ ਲੱਗੀ ਰਹੀ। ਜੇਕਰ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਅੱਜ ਦੇ ਬੱਦਲਵਾਈ ਵਾਲੇ ਮੌਸਮ ਨੇ ਤਾਪਮਾਨ ਵਿੱਚ ਕਰੀਬ 2 ਡਿਗਰੀ ਸੈਲਸੀਅਸ ਤੱਕ ਕਮੀ ਕਰ ਦਿੱਤੀ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਰਿਹਾ।