ਮੀਂਹ ਤੇ ਹਨੇਰੀ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਚਿੰਤਾ ਦੇ ਬੱਦਲ : The Tribune India

ਮੀਂਹ ਤੇ ਹਨੇਰੀ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਚਿੰਤਾ ਦੇ ਬੱਦਲ

ਕਣਕ ਦਾ ਝਾੜ ਚਾਰ ਕੁਇੰਟਲ ਪ੍ਰਤੀ ਏਕੜ ਘਟਣ ਦਾ ਖ਼ਦਸ਼ਾ; ਦਸ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮੰਗਿਆ

ਮੀਂਹ ਤੇ ਹਨੇਰੀ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਚਿੰਤਾ ਦੇ ਬੱਦਲ

ਖੰਨਾ ਇਲਾਕੇ ਵਿੱਚ ਮੀਂਹ ਕਾਰਨ ਧਰਤੀ ’ਤੇ ਵਿਛੀ ਫ਼ਸਲ ਦਿਖਾਉਂਦੇ ਹੋਏ ਕਿਸਾਨ।

ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 18 ਮਾਰਚ

ਇਲਾਕੇ ’ਚ ਕਈ ਥਾਈਂ ਬੀਤੇ ਕੱਲ੍ਹ ਮੀਂਹ ਤੇ ਹਨੇਰੀ ਤੋਂ ਬਾਅਦ ਮੁੜ ਅੱਧੀ ਰਾਤ ਤੋਂ ਸਵੇਰ ਤੱਕ ਚੱਲੀਆਂ ਤੇਜ਼ ਹਵਾਵਾਂ ਅਤੇ ਮੀਂਹ ਨੇ ਪੱਕੀ ਕਣਕ ਤੋਂ ਇਲਾਵਾ ਸਰ੍ਹੋਂ ਦੀ ਫ਼ਸਲ ਅਤੇ ਹਰੇ ਚਾਰੇ ਨੂੰ ਮੂਧੇ ਮੂੰਹ ਸੁੱਟ ਦਿੱਤਾ ਹੈ। ਮੀਂਹ ਰੁਕਣ ਮਗਰੋਂ ਇਲਾਕੇ ਦੇ ਕੀਤੇ ਦੌਰੇ ਦੌਰਾਨ ਸਿੱਧਵਾਂ ਖੁਰਦ, ਸਿੱਧਵਾਂ ਕਲਾਂ, ਸਵੱਦੀ, ਅਖਾੜਾ, ਚਕਰ, ਮੱਲ੍ਹਾ, ਰਸੂਲਪੁਰ, ਲੱਖਾ, ਮਾਣੂੰਕੇ, ਚੌਕੀਮਾਨ, ਸਿੱਧਵਾਂ ਬੇਟ ਆਦਿ ਪਿੰਡਾਂ ’ਚ ਬਹੁਤੀ ਥਾਈਂ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਵਿਛੀ ਗਈ ਹੈ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਬੇਮੌਸਮੇ ਮੀਂਹ ਅਤੇ ਹਨੇਰੀ ਨੇ ਪੁੱਤਾਂ ਵਾਂਗੂੰ ਪਾਲੀਆਂ ਫ਼ਸਲਾਂ ਧਰਤੀ ’ਤੇ ਵਿਛਾ ਦਿੱਤੀਆਂ ਹਨ। ਕਿਸਾਨ ਫ਼ਿਕਰਮੰਦ ਹਨ ਕਿ ਹੁਣ ਕਣਕ ਦੇ ਝਾੜ ’ਤੇ ਵੀ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਿਸਾਨੀ ਨੂੰ ਤਬਾਹ ਕਰ ਰਹੀਆਂ ਹਨ, ਦੂਜੇ ਪਾਸੇ ਮੌਸਮ ਦੀ ਕਰੋਪੀ ਵੀ ਕਹਿਰ ਬਣ ਰਹੀ ਹੈ। ਖੇਤੀਬਾੜੀ ਵਿਭਾਗ ਅਫ਼ਸਰ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਜਿਹੜੀ ਕਣਕ ’ਚ ਪਾਣੀ ਖੜ੍ਹਾ ਸੀ ਉਸ ਨੂੰ ਥੋੜ੍ਹਾ ਨੁਕਸਾਨ ਜ਼ਰੂਰ ਹੋਇਆ ਹੈ, ਪਰ ਹਾਲੇ ਕਣਕ ਹਰੀ ਹੋਣ ਕਰਕੇ ਵਧੇਰੇ ਨੁਕਸਾਨ ਨਹੀਂ ਹੋਇਆ ਹੈ। ਫਿਰ ਵੀ ਇਲਾਕੇ ਦੇ ਪਿੰਡਾਂ ਦਾ ਸਰਵੇਖਣ ਕਰਵਾਇਆ ਜਾਵੇਗਾ। ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਨੇ ਅੱਜ ਸਾਥੀਆਂ ਸਮੇਤ ਕੁਝ ਪਿੰਡਾਂ ਦਾ ਦੌਰਾ ਕਰਨ ਉਪਰੰਤ ਮੀਂਹ ਹਨੇਰੀ ਕਾਰਨ ਨੁਕਸਾਨੀ ਕਣਕ ਬਦਲੇ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨ ਦੀ ਬੇਮੌਸਮੀ ਬਾਰਸ਼ ਕਾਰਨ ਸਾਰੀਆਂ ਕਣਕਾਂ ਡਿੱਗ ਪਈਆਂ ਹਨ। ਇਸ ਨਾਲ ਘੱਟੋ-ਘੱਟ ਚਾਰ ਕੁਇੰਟਲ ਕਣਕ ਦਾ ਝਾੜ ਘਟੇਗਾ। ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਜਗਤਾਰ ਸਿੰਘ ਦੇਹੜਕਾ ਨੇ ਸਰਕਾਰ ਤੋਂ ਗਿਰਦਾਵਰੀ ਕਰਵਾਉਣ ਅਤੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਖੰਨਾ (ਜੋਗਿੰਦਰ ਸਿੰਘ ਓਬਰਾਏ): ਦੋ ਦਿਨਾਂ ਤੋਂ ਤੇਜ਼ ਮੀਂਹ, ਗੜੇਮਾਰੀ ਅਤੇ ਤੇਜ਼ ਹਨੇਰੀ ਕਾਰਨ ਖੰਨਾ ਜ਼ਿਲ੍ਹੇ ਦੇ ਮਾਨੂੰਪੁਰ, ਗੋਹ, ਜਲਣਪੁਰ, ਮਾਣਕੀ, ਰਾਜੇਵਾਲ ਸਣੇ ਕਈ ਪਿੰਡਾਂ ਵਿੱਚ ਪੱਕਣ ’ਤੇ ਆਈਆਂ ਕਣਕਾਂ, ਸਰ੍ਹੋਂ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਮੀਂਹ ਅਤੇ ਹਨੇਰੀ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦੀ ਛੇਤੀ ਤੋਂ ਛੇਤੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਜ਼ਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਨਰਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਦੋ ਤਿੰਨ ਫ਼ੀਸਦੀ ਨੁਕਸਾਨ ਹੋਇਆ ਹੈ। ਇਸ ਸਬੰਧੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜ ਦਿੱਤੀ ਗਈ ਹੈ।

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਪ੍ਰਧਾਨ ਨਿੱਕਾ ਸਿੰਘ ਖੇੜਾ ਨੇ ਕਿਹਾ ਕਿ ਇਲਾਕੇ ਦੇ ਵੱਖ-ਵੱਖ ਥਾਵਾਂ ਅੰਦਰ ਮੀਂਹ, ਹਨੇਰੀ ਤੇ ਝੱਖੜ ਕਾਰਨ ਕਣਕ ਅਤੇ ਸਰ੍ਹੋਂ ਦੀ ਫ਼ਸਲ ਨੂੰ ਧਰਤੀ ’ਤੇ ਚਾਦਰ ਵਾਂਗ ਵਿਛਾ ਕੇ ਰੱਖ ਦਿੱਤਾ ਹੈ। ਇਨ੍ਹਾਂ ਤੇਜ਼ ਹਵਾਵਾਂ ਕਾਰਨ ਧਰਤੀ ’ਤੇ ਵਿਛ ਚੁੱਕੀ ਕਣਕ ਅਤੇ ਸਰ੍ਹੋਂ ਦੀ ਫ਼ਸਲ ਦੇ ਝਾੜ ’ਤੇ ਕਾਫ਼ੀ ਅਸਰ ਪਵੇਗਾ। 

ਪਾਇਲ (ਦੇਵਿੰਦਰ ਸਿੰਘ ਜੱਗੀ): ਮੀਂਹ ਤੇ ਚੱਲੀਆਂ ਤੇਜ਼ ਹਵਾਵਾਂ ਨੇ ਪੱਕਣ ਲਈ ਤਿਆਰ ਖੜ੍ਹੀ ਕਣਕ ਦੀ ਫ਼ਸਲ ਧਰਤੀ ’ਤੇ ਵਿਛਾ ਦਿੱਤੀ, ਜਿਸ ਕਾਰਨ ਕਿਸਾਨ ਮਾਯੂਸੀ ਦੇ ਆਲਮ ਵਿੱਚ ਹਨ। ਇਲਾਕੇ ਦੇ ਲਗਪਗ ਸਾਰੇ ਹੀ ਪਿੰਡਾਂ- ਜਰਗ, ਰੌਣੀ, ਸਿਰਥਲਾ, ਮਾਂਹਪੁਰ, ਮੁੱਲਾਂਪੁਰ, ਮਲਕਪੁਰ, ਭਰਥਲਾ ਰੰਧਾਵਾ, ਬੀਬੀਪੁਰ, ਬੋਪੁਰ, ਤੁਰਮਰੀ, ਹੋਲ, ਟੌਂਸਾ, ਫਤਹਿਪੁਰ, ਜਰਗੜੀ, ਜਲਾਜਣ, ਜ਼ੁਲਮਗੜ੍ਹ, ਦੀਵਾ ਮੰਡੇਰ, ਦੀਵਾ ਖੋਸਾ, ਅਲੂਣਾ, ਜੱਬੋਮਾਜਰਾ, ਭੁਰਥਲਾ ਮੰਡੇਰ, ਲਸੋਈ,  ਧੀਰੋਮਾਜਰਾ, ਰੋਹਣੋ ਆਦਿ ਵਿੱਚ ਕਣਕਾਂ ਵਿਛੀਆਂ ਹੋਈਆਂ ਸਨ। 

ਪਟਵਾਰੀਆਂ ਤੇ ਅਧਿਕਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੇ ਨਿਰਦੇਸ਼

ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਮੀਂਹ ਤੇ ਹਨੇਰੀ ਤੋਂ ਪ੍ਰੇਸ਼ਾਨ ਇਲਾਕੇ ਦੇ ਕਿਸਾਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀਤੀਆਂ ਸਰਕਾਰਾਂ ਵਾਂਗ ਗਿਰਦਾਵਰੀਆਂ ਕਰਵਾ ਕੇ ਉਨ੍ਹਾਂ ਦੀਆਂ ਮੰਗਾਂ ਠੰਢੇ ਬਸਤੇ ਵਿੱਚ ਪਾਉਣ ਦੀ ਵਜਾਏ ਮੌਸਮ ਦੇ ਝੰਬੇ ਕਿਸਾਨਾਂ ਦੀ ਤੁਰੰਤ ਬਾਂਹ ਫੜੀ ਜਾਵੇ। ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਪਿੰਡ ਦੀ ਬਜਾਏ ਇੱਕ ਇੱਕ ਖੇਤ ਨੂੰ ਇਕਾਈ ਮੰਨਿਆ ਜਾਵੇ।  ਐੱਸਡੀਐੱਮ ਹਰਬੰਸ ਸਿੰਘ ਨੇ ਦਾਅਵਾ ਕੀਤਾ ਕਿ ਰੈਵੇਨਿਊ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਖੇਤਰ ਦੇ ਕਿਸਾਨਾਂ ਨਾਲ ਲਗਾਤਾਰ ਤਾਲਮੇਲ ਬਣਾ ਕੇ ਰੱਖਣ ਲਈ ਅਤੇ ਹਰ ਸੰਭਵ ਮਦਦ ਤੁਰੰਤ ਮੁਹੱਈਆ ਕਰਵਾਉਣ ਲਈ ਕਹਿ ਦਿੱਤਾ ਗਿਆ ਹੈ। ਪਟਵਾਰੀਆਂ ਤੇ ਅਧਿਕਾਰੀਆਂ ਨੂੰ ਕਿਸੇ ਵੀ ਹਾਲਤ ਵਿੱਚ ਸਟੇਸ਼ਨ ਨਾ ਛੱਡਣ ਲਈ ਕਿਹਾ ਗਿਆ ਹੈ। ਉਧਰ, ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਬਲਦੇਵ ਸਿੰਘ ਲਤਾਲਾ ਦੀ ਅਗਵਾਈ ਵਿੱਚ ਜ਼ਿਲ੍ਹਾ ਮਾਲੇਰਕੋਟਲਾ ਤੇ ਲੁਧਿਆਣਾ ਅਧੀਨ ਪੈਂਦੇ ਇਸ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਕਈ ਪਿੰਡਾਂ ਵਿੱਚ ਬੀਤੇ ਦੋ ਦਿਨ ਤੋਂ ਪੈ ਰਹੀ ਬਾਰਿਸ਼ ਤੇ ਹਨੇਰੀ ਨਾਲ ਕਣਕ, ਸਰ੍ਹੋਂ, ਆਲੂ ਅਤੇ ਚਾਰੇ ਦੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਗਰਮੀ ਜ਼ਿਆਦਾ ਪੈਣ ਕਾਰਨ ਵੀ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਸੀ। ਲਤਾਲਾ, ਬੜੂੰਦੀ, ਬ੍ਰਹਮਪੁਰ, ਸਿਆੜ, ਮਲੌਦ, ਛੰਨਾ, ਜੰਡਾਲੀ, ਬੋੜਾਈ ਅਤੇ ਦਲੀਜ ਆਦਿ ਪਿੰਡਾਂ ਵਿੱਚ ਵੱਡੀ ਗਿਣਤੀ ਖੇਤਾਂ ਵਿੱਚ ਪਹਿਲਾਂ ਹੀ ਪਾਣੀ ਲੱਗਿਆ ਹੋਣ ਕਰ ਕੇ ਹਨੇਰੀ ਨਾਲ ਫ਼ਸਲਾਂ ਵਿਛ ਗਈਆਂ ਹਨ। 

ਅਸਮਾਨੀ ਬਿਜਲੀ ਕਾਰਨ ਮੱਝ ਮਰੀ

ਮਾਛੀਵਾੜਾ (ਪੱਤਰ ਪ੍ਰੇਰਕ): ਬੀਤੀ ਰਾਤ ਭਾਰੀ ਬਾਰਿਸ਼ ਗ਼ਰੀਬ ਪਰਿਵਾਰ ’ਤੇ ਕਹਿਰ ਬਣ ਕੇ ਆਈ। ਇਸ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਉਨ੍ਹਾਂ ਦੀ ਮੱਝ ਦੀ ਮੌਤ ਹੋ ਗਈ। ਪੀੜਤ ਪਰਿਵਾਰ ਦੇ ਨਜ਼ੀਰ ਹੁਸੈਨ ਉਰਫ਼ ਰਾਜੂ ਵਾਸੀ ਨੇੜੇ ਗੁਰਦੁਆਰਾ ਰਵਿਦਾਸ ਮੰਦਰ (ਪੁਰਾਣੀ ਸਬਜ਼ੀ ਮੰਡੀ) ਮਾਛੀਵਾੜਾ ਨੇ ਕਿਹਾ ਕਿ ਉਨ੍ਹਾਂ ਕੋਲ ਇਕਲੌਤੀ ਮੱਝ ਸੀ। ਬੀਤੀ ਰਾਤ ਤੇਜ਼ ਬਾਰਿਸ਼ ਹੋਈ ਅਤੇ ਤੜਕੇ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਇਸ ਕਾਰਨ ਉਸਦਾ ਕਾਫ਼ੀ ਆਰਥਿਕ ਨੁਕਸਾਨ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਸ ਸਬੰਧੀ ਬਣਦਾ ਮੁਅਵਾਜ਼ਾ ਦਿੱਤਾ ਜਾਵੇ ਤਾਂ ਜੋ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ।

ਖੇਤਾਂ ’ਚ ਪਾਣੀ ਨਾ ਖੜ੍ਹਨ ਦਿੱਤਾ ਜਾਵੇ: ਮੌਸਮ ਵਿਭਾਗ

ਲੁਧਿਆਣਾ (ਗਗਨਦੀਪ ਅਰੋੜਾ): ਸਨਅਤੀ ਸ਼ਹਿਰ ਵਿੱਚ ਦੂਜੇ ਦਿਨ ਵੀ ਪਏ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਸ਼ਨਿੱਚਰਵਾਰ ਤੜਕੇ 4 ਵਜੇ ਤੋਂ ਹੀ ਮੀਂਹ ਪੈਣਾ ਸ਼ੁਰੂ ਹੋਇਆ ਹੈ, ਜੋ ਸਵੇਰੇ 10 ਵਜੇ ਤੱਕ ਜਾਰੀ ਰਿਹਾ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ 24 ਘੰਟੇ ਦੌਰਾਨ 28 ਐੱਮਐੱਮ ਮੀਂਹ ਪਿਆ ਸੀ, ਜਦੋਂਕਿ ਸ਼ਨਿੱਚਰਵਾਰ ਨੂੰ 15 ਐੱਮਐੱਮ ਮੀਂਹ ਦਰਜ ਕੀਤਾ ਗਿਆ ਸੀ। ਮੀਂਹ ਮਗਰੋਂ ਚੱਲੀਆਂ ਹਵਾਵਾਂ ਨੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫ਼ਸਲ ਵਿੱਛ ਗਈ। ਸਨਅਤੀ ਸ਼ਹਿਰ ਵਿੱਚ ਮੀਂਹ ਕਾਰਨ ਅੱਜ ਵੀ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਇਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਫਿਰੋਜ਼ਪੁਰ ਰੋਡ ’ਤੇ ਵੀ ਮੀਂਹ ਦੇ ਖੜ੍ਹੇ ਪਾਣੀ ਕਾਰਨ ਟਰੈਫਿਕ ਜਾਮ ਵਾਲਾ ਮਾਹੌਲ ਹੋ ਗਿਆ। ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਰਹੀ। ਪੀਏਯੂ ਦੇ ਮੌਸਮ ਵਿਭਾਗ ਮਾਹਿਰ ਡਾ. ਪਵਨੀਤ ਕਿੰਗਰਾ ਨੇ ਦੱਸਿਆ ਕਿ ਕਣਕ ਇਸ ਵੇਲੇ ਪਕਣ ਲਈ ਤਿਆਰ ਹੈ। ਮੀਂਹ ਮਗਰੋਂ ਹੁਣ ਹਵਾਵਾਂ ਚੱਲ ਰਹੀਆਂ ਹਨ ਤੇ ਕਈ ਥਾਵਾਂ ’ਤੇ ਗੜੇਮਾਰੀ ਹੋ ਰਹੀ ਹੈ। ਇਹ ਦੋਵਾਂ ਹੀ ਫਸਲ ਲਈ ਨੁਕਸਾਨਦੇਹ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਮੀਂਹ ਦਾ ਪਾਣੀ ਖੇਤਾਂ ਵਿੱਚ ਖੜ੍ਹਾ ਨਾ ਹੋਣ ਦੇਣ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਾਲੇ ਦੂਰੀਆਂ ਘਟਾਉਣ ਲਈ ਕਰਨਗੇ ਚਾਰਾਜੋਈ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਸ਼ਹਿਰ ’ਚ ਰੋਸ ਮੁਜ਼ਾਹਰੇ ਲਈ ਿਦੱਤੀ ਜਾ ਸਕਦੀ ਹੈ ਕੋਈ ਹੋਰ ਜਗ੍ਹਾ: ਿਦੱ...

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਮੁੱਖ ਮੰਤਰੀ ਵੱਲੋਂ ਲੋਕਾਂ ਦੀ ਸਹੂਲਤ ਲਈ ਤਹਿਸੀਲ ਪੱਧਰ ’ਤੇ ਵਿਆਪਕ ਸੁਧ...

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਦਿੱਲੀ: ਨਾਬਾਲਗ ਲੜਕੀ ਦੀ ਚਾਕੂ ਤੇ ਪੱਥਰ ਮਾਰ ਕੇ ਹੱਤਿਆ

ਮੁਲਜ਼ਮ ਸਾਹਿਲ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ

ਸ਼ਹਿਰ

View All