ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਾਰ ਸੇਵਾ ਕਰਵਾ ਰਹੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪਹਿਲਕਦਮੀ ਨਾਲ ਪਿਛਲੇ ਤਿੰਨ ਦਹਾਕਿਆ ਤੋਂ ਬੰਦ ਪਈ ਸੀਵਰੇਜ ਦੀ ਪਾਈਪਲਾਈਨ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਨਗਰ ਨਿਗਮ ਲੁਧਿਆਣਾ ਦੇ ਪ੍ਰਬੰਧਕੀ ਐਕਸੀਅਨ ਕਮਲ ਰਾਮ ਨੇ ਦੱਸਿਆ ਕਿ ਇਹ ਡਾਵਰ ਦੀ ਫੈਕਟਰੀ ਤੋਂ ਲੈ ਕੇ ਢੋਕਾ ਮੁਹੱਲੇ ਤੱਕ ਇਸ ਪਾਈਪਲਾਈਨ ਦੀ ਲੰਬਾਈ ਦੋ ਕਿਲੋਮੀਟਰ ਬਣਦੀ ਹੈ, ਜੋ ਪੂਰੀ ਤਰ੍ਹਾਂ ਬੰਦ ਪਈ ਸੀ। ਇਹ ਪਾਈਪਲਾਈਨ ਡਾਇੰਗਾਂ ਦੀ ਰਹਿੰਦ-ਖੂੰਹਦ ਅਤੇ ਗੋਹਾ ਸੁੱਟੇ ਜਾਣ ਕਾਰਨ ਬੰਦ ਪਈ ਸੀ।
ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੰਦ ਪਈ ਪਾਈਪਲਾਈਨ ਵਿੱਚੋਂ ਹੁਣ ਤੱਕ ਇੱਕ ਕਿਲੋਮੀਟਰ ਪਾਈਪਲਾਈਨ ਸਾਫ਼ ਹੋ ਗਈ ਹੈ। ਇਸ ਦੀ ਸਫ਼ਾਈ ਗੁਰਦੁਆਰਾ ਗਊਘਾਟ ਦੇ ਨੇੜੇ ਤੱਕ ਪਹੁੰਚ ਗਈ ਹੈ। ਜਦਕਿ ਇਸ ਸਾਰੀ ਪਾਈਪਲਾਈਨ ਦੀ ਲੰਬਾਈ 15 ਕਿਲੋਮੀਟਰ ਦੇ ਕਰੀਬ ਦੱਸੀ ਜਾ ਰਹੀ ਹੈ। ਸੂਤਰਾਂ ਅਨੁਸਾਰ ਇਹ ਪਾਈਪਲਾਈਨ ਸਾਲ 1994 ਤੋਂ ਬੰਦ ਪਈ ਸੀ।
ਉਧਰ ਜਿਉਂ ਹੀ ਇਸ ਬੰਦ ਪਈ ਪਾਈਪਲਾਈਨ ਦਾ ਮਾਮਲਾ ਸੰਤ ਸੀਚੇਵਾਲ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਇਸ ਪਾਈਪਲਾਈਨ ਦੀ ਸਫ਼ਾਈ ਕਰਵਾਉਣ ਦਾ ਮਾਮਲਾ ਬੁੱਢੇ ਦਰਿਆ ਦੀ ਸਫ਼ਾਈ ਸਬੰਧੀ ਹੋਣ ਵਾਲੀਆਂ ਸਮੀਖਿਆ ਮੀਟਿੰਗਾਂ ਵਿੱਚ ਪ੍ਰਮੁੱਖਤਾ ਨਾਲ ਉਭਾਰਿਆ। ਸੰਤ ਸੀਚੇਵਾਲ ਵੱਲੋਂ ਕੀਤੀ ਗਈ ਪਹਿਲਕਦਮੀ ਸਦਕਾ ਬੰਦ ਪਈ ਇਹ ਪਾਈਪਲਾਈਨ ਨੂੰ 30 ਮਈ ਤੱਕ ਮੁੜ ਚਾਲੂ ਕਰਨ ਦਾ ਟੀਚਾ ਮਿਥਿਆ ਗਿਆ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿੱਥੋਂ ਪਾਈਪਲਾਈਨ ਬੰਦ ਪਈ ਸੀ ਉਸ ਦਾ ਇੱਕ ਕਿਲੋਮੀਟਰ ਤੋਂ ਵੱਧ ਹਿੱਸਾ ਸਾਫ਼ ਕਰ ਦਿੱਤਾ ਗਿਆ ਹੈ, ਬਾਕੀ ਦੇ ਹਿੱਸੇ ਦੀ ਸਫ਼ਾਈ ਕੀਤੀ ਜਾ ਰਹੀ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਹ ਪਾਈਪਲਾਈਨ ਲੰਮੇ ਸਮੇਂ ਤੋਂ ਬੰਦ ਪਈ ਸੀ। ਨਗਰ ਨਿਗਮ ਨੇ ਇਹ ਪਾਈਪਲਾਈਨ ਚਾਲੂ ਕਰਨ ਦੀ ਥਾਂ ਦੋ ਪੰਪਿੰਗ ਸਟੇਸ਼ਨ ਲਾ ਕੇ ਗੰਦਾ ਪਾਣੀ ਮੋਟਰਾਂ ਰਾਹੀ ਚੁੱਕਣਾ ਸ਼ੁਰੂ ਕਰ ਦਿੱਤਾ ਸੀ। ਇੱਥੋਂ ਅਫ਼ਸਰਾਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਜੇ ਇਹ ਪਾਈਪਲਾਈਨ ਚੱਲਦੀ ਰਹਿੰਦੀ ਤਾਂ ਜਮਾਲਪੁਰ ਡਰੇਨ ’ਤੇ ਬਣੇ ਦੋਵੇਂ ਪੰਪਿੰਗ ਸਟੇਸ਼ਨ ਲਗਾਉਣ ਦੀ ਲੋੜ ਨਹੀਂ ਸੀ ਪੈਣੀ। ਹੁਣ ਵੀ ਜਦੋਂ ਇਹ ਪਾਈਪਲਾਈਨ ਮੁੜ ਚਾਲੂ ਹੋ ਜਾਵੇਗੀ ਤਾਂ ਦੋਵੇਂ ਪੰਪਿੰਗ ਸਟੇਸ਼ਨਾਂ ਦੀ ਲੋੜ ਘੱਟ ਜਾਵੇਗੀ ਤੇ ਜਮਾਲਪੁਰ ਡਰੇਨ ਵਿੱਚ ਵੀ ਪਾਣੀ ਘੱਟ ਜਾਵੇਗਾ।

