ਭਾਈ ਮੰਨਾ ਸਿੰਘ ਨਗਰ ’ਚ ਮਿਲੇਗਾ ਸਾਫ਼ ਪਾਣੀ
ਨਹਿਰੀ ਜਲ ਸਪਲਾਈ ਪ੍ਰਾਜੈਕਟ ਤਹਿਤ ਪਾਣੀ ਵਾਲੀ ਟੈਂਕੀ ਦੀ ਉਸਾਰੀ ਦਾ ਉਦਘਾਟਨ ਕੀਤਾ
ਸੰਸਾਰ ਬੈਂਕ ਦੁਆਰਾ ਫੰਡ ਪ੍ਰਾਪਤ ਨਹਿਰੀ ਜਲ ਸਪਲਾਈ ਪ੍ਰਾਜੈਕਟ ਤਹਿਤ ਹਲਕਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਅੱਜ ਭਾਈ ਮੰਨਾ ਸਿੰਘ ਨਗਰ ਵਿੱਚ ਪਾਣੀ ਵਾਲੀ ਟੈਂਕੀ ਦੇ ਨਿਰਮਾਣ ਅਤੇ ਸਬੰਧਿਤ ਪਾਈਪਲਾਈਨ ਵਿਛਾਉਣ ਲਈ ਲਗਭਗ ਚਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਜਦੋਂ ਕਿ ਪਾਣੀ ਵਾਲੀ ਟੈਂਕੀ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ, ਸੰਬੰਧਿਤ ਜਲ ਸਪਲਾਈ ਪਾਈਪਲਾਈਨ ਲਗਭਗ 1 ਕਰੋੜ ਰੁਪਏ ਦੀ ਲਾਗਤ ਨਾਲ ਵਿਛਾਈ ਜਾਵੇਗੀ। ਉਦਘਾਟਨ ਸਮਾਰੋਹ ਦੌਰਾਨ ਕੌਂਸਲਰ ਅਮਨ ਬੱਗਾ, ਕੌਂਸਲਰ ਅਰਾਧਨਾ ਅਟਵਾਲ, ਸੁਰਿੰਦਰ ਅਟਵਾਲ, ਕੌਂਸਲਰ ਪੁਸ਼ਪਿੰਦਰ ਭਨੋਟ, ਕੌਂਸਲਰ ਨੀਰਜ ਆਹੂਜਾ, ਕੌਂਸਲਰ ਮਨਜੀਤ ਸਿੰਘ ਢਿੱਲੋਂ ਸਮੇਤ ਹੋਰ ਵਸਨੀਕ ਅਤੇ ਉਦਯੋਗਪਤੀ ਮੌਜੂਦ ਸਨ। ਵਿਧਾਇਕ ਬੱਗਾ ਨੇ ਦੱਸਿਆ ਕਿ ਨਹਿਰੀ ਜਲ ਸਪਲਾਈ ਪ੍ਰਾਜੈਕਟ ਤਹਿਤ, ਪਿੰਡ ਬਿਲਗਾ (ਸਾਹਨੇਵਾਲ ਦੇ ਨੇੜੇ) ਵਿੱਚ ਇੱਕ ਵਿਸ਼ਵ ਪੱਧਰੀ ਵਾਟਰ ਟਰੀਟਮੈਂਟ ਪਲਾਂਟ (ਡਬਲਯੂ ਟੀ ਪੀ) ਵੀ ਬਣਾਇਆ ਜਾ ਰਿਹਾ ਹੈ ਜਿੱਥੋਂ ਸ਼ਹਿਰ ਨੂੰ ਟਰੀਟ ਕੀਤਾ ਸਹੀ ਪਾਣੀ ਸਪਲਾਈ ਕੀਤਾ ਜਾਵੇਗਾ। ਨਹਿਰੀ ਜਲ ਸਪਲਾਈ ਪ੍ਰੋਜੈਕਟ ਦਾ ਪਹਿਲਾ ਪੜਾਅ ਲਗਭਗ 1300 ਕਰੋੜ ਰੁਪਏ (ਸਿਵਲ ਵਰਕਸ) ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਵੀ ਮਦਦ ਕਰੇਗਾ। ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਸੂਬਾ ਸਰਕਾਰ ਗੁਣਵੱਤਾਪੂਰਨ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਵਚਨਬੱਧ ਹੈ। ਵਿਧਾਇਕ ਨੇ ਕਿਹਾ ਕਿ ਵੱਡੇ ਪੱਧਰ ’ਤੇ ਜਨਤਾ ਦੀ ਸਹੂਲਤ ਲਈ ਲੋਕ-ਕੇਂਦਰਿਤ ਪ੍ਰਾਜੈਕਟ ਕੀਤੇ ਜਾ ਰਹੇ ਹਨ।

