DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

FoodSafety: ਸਿਵਲ ਸਰਜਨ ਵੱਲੋਂ ਤਿੰਨ ਵਿਭਾਗਾਂ ਨਾਲ ਸਬਜ਼ੀ ਮੰਡੀ ’ਚ ਛਾਪਾ

ਫਲਾਂ ਤੇ ਸਬਜ਼ੀਆਂ ਦੇ ਸੈਂਪਲ ਲਏ; ਕੇਲੇ ਪਕਾਉਣ ਵਾਲੇਕੇਂਦਰਾਂ ਦੀ ਚੈਕਿੰਗ; ਬੁੱਢੇ ਦਰਿਆ ਦੇ ਆਸ-ਪਾਸ ਉਗਾਈਆਂ ਸਬਜ਼ੀਆਂ ਵਿੱਚ ‘ਹੈਵੀ ਮੈਟਲਜ਼’ ਦੀ ਜਾਂਚ ਲਈ ਲਏ ਨਮੂਨੇ

  • fb
  • twitter
  • whatsapp
  • whatsapp
featured-img featured-img
ਫਰੂਟ ਮੰਡੀ ਵਿੱਚ ਚੈਕਿੰਗ ਕਰਦੇ ਹੋਏ ਸਿਵਲ ਸਰਜਨ ਤੇ ਹੋਰ ਅਧਿਕਾਰੀ।
Advertisement
ਸ਼ਹਿਰ ਵਿੱਚ ਮਿਲਾਵਟਖੋਰਾਂ ਅਤੇ ਖਤਰਨਾਕ ਕੈਮੀਕਲਾਂ ਦੀ ਮਦਦ ਨਾਲ ਫ਼ਲ ਤੇ ਸਬਜ਼ੀਆਂ ਪਕਾਉਣ ਵਾਲਿਆਂ ਖ਼ਿਲਾਫ਼ ਸਿਹਤ ਵਿਭਾਗ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੀ ਸਾਂਝੀ ਟੀਮ ਵੱਲੋਂ ਅੱਜ ਸ਼ਹਿਰ ਦੀਆਂ ਫ਼ਲ-ਸਬਜ਼ੀ ਮੰਡੀਆਂ ਅਤੇ ਕੇਲਾ ਪਕਾਉਣ ਵਾਲੇ ਰਾਈਪਨਿੰਗ ਕੇਂਦਰਾਂ ’ਤੇ ਅਚਨਚੇਤ ਛਾਪਾ ਮਾਰਿਆ ਗਿਆ। ਇਸ ਕਾਰਵਾਈ ਦੌਰਾਨ ਟੀਮ ਨੇ ਪਪੀਤਾ, ਅੰਬ, ਕੇਲਾ ਅਤੇ ਵੱਖ-ਵੱਖ ਸਬਜ਼ੀਆਂ ਦੇ ਨਮੂਨੇ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਸਰਕਾਰੀ ਲੈਬਾਰਟਰੀ ਵਿੱਚ ਭੇਜ ਦਿੱਤਾ ਹੈ। ਸਿਵਲ ਸਰਜਨ ਨੇ ਸਖ਼ਤ ਲਹਿਜ਼ੇ ਵਿੱਚ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਹ ਮੁਹਿੰਮ ਪੂਰੇ ਜ਼ਿਲ੍ਹੇ ਵਿੱਚ ਲਗਾਤਾਰ ਜਾਰੀ ਰਹੇਗੀ।

ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਦੀ ਇਸ ਸਾਂਝੀ ਟੀਮ ਵਿੱਚ ਸਿਹਤ ਵਿਭਾਗ, ਫੂਡ ਤੇ ਸਿਵਲ ਸਪਲਾਈ ਵਿਭਾਗ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ। ਟੀਮ ਦੇ ਮੈਂਬਰਾਂ ਡਾ. ਆਸ਼ੀਸ਼ ਚਾਵਲਾ, ਡੀ ਐੱਫ ਐੱਸ ਓ ਜਸਵਿੰਦਰ ਸਿੰਘ, ਬਾਗਬਾਨੀ ਵਿਭਾਗ ਤੋਂ ਜਸਪ੍ਰੀਤ ਕੌਰ ਗਿੱਲ ਸਿੱਧੂ ਅਤੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਭੁਪਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਮੰਡੀਆਂ ਵਿੱਚ ਪਹੁੰਚੇ ਪਪੀਤੇ, ਅੰਬ ਅਤੇ ਕੇਲੇ ਦੇ ਸਟਾਕ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਤੋਂ ਬਾਅਦ ਅਨਾਜ ਮੰਡੀ ਖੇਤਰ ਵਿੱਚ ਚੱਲ ਰਹੇ ਬਨਾਨਾ ਰਾਈਪਨਿੰਗ (ਕੇਲੇ ਪਕਾਉਣ ਵਾਲੇ) ਕੇਂਦਰਾਂ ਦਾ ਮੁਆਇਨਾ ਕੀਤਾ ਗਿਆ। ਅਧਿਕਾਰੀਆਂ ਨੇ ਫ਼ਲਾਂ ਨੂੰ ਪਕਾਉਣ ਲਈ ਵਰਤੇ ਜਾ ਰਹੇ ਤਰੀਕਿਆਂ ਨੂੰ ਦੇਖਿਆ ਅਤੇ ਗੁਣਵੱਤਾ ਪਰਖਣ ਲਈ ਸੈਂਪਲ ਇਕੱਠੇ ਕੀਤੇ।

Advertisement

ਫਲਾਂ ਦੇ ਨਾਲ-ਨਾਲ ਇਸ ਵਾਰ ਟੀਮ ਨੇ ਬੁੱਢੇ ਦਰਿਆ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ। ਟੀਮ ਨੇ ਇਸ ਖੇਤਰ ਵਿੱਚੋਂ ਸ਼ਿਮਲਾ ਮਿਰਚ, ਭਿੰਡੀ ਅਤੇ ਬੈਂਗਣ ਦੇ ਨਮੂਨੇ ਆਪਣੇ ਕਬਜ਼ੇ ਵਿੱਚ ਲਏ। ਅਧਿਕਾਰੀਆਂ ਮੁਤਾਬਕ ਇਨ੍ਹਾਂ ਸਬਜ਼ੀਆਂ ਦੀ ਜਾਂਚ ਮੁੱਖ ਰੂਪ ਵਿੱਚ ‘ਹੈਵੀ ਮੈਟਲਜ਼’ ਅਤੇ ਕੀਟਨਾਸ਼ਕਾਂ ਦੇ ਅੰਸ਼ਾਂ ਦਾ ਪਤਾ ਲਾਉਣ ਲਈ ਕੀਤੀ ਜਾਵੇਗੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਦੂਸ਼ਿਤ ਪਾਣੀ ਜਾਂ ਬਹੁਤ ਜ਼ਿਆਦਾ ਰਸਾਇਣਾਂ ਦੀ ਵਰਤੋਂ ਕਾਰਨ ਇਹ ਸਬਜ਼ੀਆਂ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਤਾਂ ਨਹੀਂ ਹਨ।

Advertisement

ਸਾਰੇ ਇਕੱਠੇ ਕੀਤੇ ਨਮੂਨਿਆਂ ਨੂੰ ਮੌਕੇ ’ਤੇ ਹੀ ਸੀਲ ਕਰਕੇ ਵਿਗਿਆਨਕ ਵਿਸ਼ਲੇਸ਼ਣ ਲਈ ਸਰਕਾਰੀ ਲੈਬ ਵਿੱਚ ਭੇਜ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਲੈਬੋਰਟਰੀ ਤੋਂ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮਿਲਾਵਟਖੋਰਾਂ ਅਤੇ ਖ਼ਤਰਨਾਕ ਕੈਮੀਕਲ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement
×