ਗਿੱਲ ਨਹਿਰ ਵਿੱਚ ਨਹਾਉਣ ਗਏ 11 ਸਾਲਾ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਮੰਗਲਵਾਰ ਸਵੇਰ ਤੋਂ ਲਾਪਤਾ ਬੱਚੇ ਦੀ ਲਾਸ਼ ਅੱਜ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚੋਂ ਬਰਾਮਦ ਕੀਤੀ ਗਈ। ਮ੍ਰਿਤਕ ਦੀ ਪਛਾਣ ਤਰਨਜੀਤ ਸਿੰਘ ਵਜੋਂ ਹੋਈ ਹੈ। ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਤਰਨਜੀਤ ਸਿੰਘ ਮੰਗਲਵਾਰ ਮੰਗਲਵਾਰ ਸਵੇਰੇ ਘਰੋਂ ਗਿੱਲ ਨਹਿਰ ਵੱਲ ਨਿਕਲਿਆ ਸੀ। ਜਦੋਂ ਉਹ ਦੇਰ ਸ਼ਾਮ ਤੱਕ ਵਾਪਸ ਨਾ ਪਰਤਿਆ ਤਾਂ ਪਰਿਵਾਰ ਨੇ ਆਪਣੇ ਪੱਧਰ ’ਤੇ ਭਾਲ ਸ਼ੁਰੂ ਕੀਤੀ। ਰਿਸ਼ਤੇਦਾਰਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪੁੱਛ-ਗਿੱਛ ਤੋਂ ਬਾਅਦ ਵੀ ਜਦੋਂ ਬੱਚੇ ਦਾ ਕੁਝ ਪਤਾ ਨਾ ਲੱਗਿਆ ਤਾਂ ਪਰਿਵਾਰ ਨੇ ਇਸ ਦੀ ਸੂਚਨਾ ਸਥਾਨਕ ਪੁਲੀਸ ਨੂੰ ਦਿੱਤੀ। ਪੁਲੀਸ ਨੇ ਨਹਿਰ ਵਿੱਚ ਤਲਾਸ਼ੀ ਮੁਹਿੰਮ ਚਲਾਈ, ਜਿਸ ਤੋਂ ਬਾਅਦ ਦੇਰ ਸ਼ਾਮ ਬੱਚੇ ਦੀ ਮ੍ਰਿਤਕ ਦੇਹ ਨੂੰ ਗੋਤਾਖੋਰਾਂ ਨੇ ਬਾਹਰ ਕੱਢਿਆ।
ਤਰਨਜੀਤ ਦੇ ਪਿਤਾ ਦਿਹਾੜੀਦਾਰ ਮਜ਼ਦੂਰ ਹਨ। ਤਰਨਜੀਤ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਇਸੇ ਸਾਲ ਫਰਵਰੀ ਮਹੀਨੇ ਤਰਨਜੀਤ ਦੀ 16 ਸਾਲਾ ਵੱਡੀ ਭੈਣ ਦੀ ਗੰਭੀਰ ਬਿਮਾਰੀ ਕਾਰਨ ਮੌਤ ਹੋ ਗਈ ਸੀ। ਹੁਣ ਪਰਿਵਾਰ ਵਿੱਚ ਸਿਰਫ਼ 14 ਸਾਲਾ ਵਿਚਕਾਰਲਾ ਪੁੱਤਰ ਕਰਨਦੀਪ ਹੀ ਰਹਿ ਗਿਆ ਹੈ। ਪੁੱਤਰ ਦੀ ਲਾਸ਼ ਘਰ ਪਹੁੰਚਦਿਆਂ ਹੀ ਮਾਂ-ਬਾਪ ਬੇਸੁੱਧ ਹੋ ਗਏ।
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਏ ਐੱਸ ਆਈ ਹਰਬੰਸ ਸਿੰਘ ਨੇ ਦੱਸਿਆ ਕਿ ਬੱਚੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲਣ ’ਤੇ ਤੁਰੰਤ ਗੋਤਾਖੋਰਾਂ ਦੀ ਮਦਦ ਨਾਲ ਰੈਸਕਿਊ ਅਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਦੇਰ ਸ਼ਾਮ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

