DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ludhiana Congress ਵਿੱਚ ਘਮਸਾਣ

ਬੈਂਸ ਤੇ ਕੜਵਲ ਆਹਮੋ-ਸਾਹਮਣੇ; ਪੱਤਰਕਾਰ ਮਿਲਣੀ ਦੌਰਾਨ ਦੋਵਾਂ ਨੇ ਇੱਕ-ਦੂਜੇ ’ਤੇ ਗੰਭੀਰ ਦੋਸ਼ ਲਾਏ

  • fb
  • twitter
  • whatsapp
  • whatsapp
featured-img featured-img
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸੰਬੋਧਨ ਕਰਦੇ ਹੋਏ।
Advertisement

ਪੰਜਾਬ ਕਾਂਗਰਸ ਅੰਦਰਲਾ ਅੰਦਰੂਨੀ ਕਲੇਸ਼ ਹੁਣ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਲੁਧਿਆਣਾ ਵਿੱਚ ਕਾਂਗਰਸ ਦੇ ਦੋ ਪ੍ਰਮੁੱਖ ਆਗੂਆਂ ਵਿਚਾਲੇ ਚੱਲ ਰਹੀ ਸਿਆਸੀ ਖਹਿਬਾਜ਼ੀ ਹੁਣ ਖੁੱਲ੍ਹ ਕੇ ਸੜਕਾਂ ’ਤੇ ਆ ਗਈ ਹੈ। ਹਲਕਾ ਆਤਮ ਨਗਰ ਤੋਂ ਕਾਂਗਰਸ ਦੀ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਕਮਲਜੀਤ ਸਿੰਘ ਕੜਵਲ ਨੇ ਇੱਕ-ਦੂਜੇ ਖ਼ਿਲਾਫ਼ ਵੱਖ-ਵੱਖ ਪੱਤਰਕਾਰ ਮਿਲਣੀਆਂ ਕਰ ਕੇ ਗੰਭੀਰ ਦੋਸ਼ ਲਾਏ। ਕਦੇ ਪੱਕੇ ਦੋਸਤ ਰਹੇ ਇਹ ਦੋਵੇਂ ਆਗੂ ਹੁਣ ਇੱਕੋ ਪਾਰਟੀ ਵਿੱਚ ਹੋਣ ਦੇ ਬਾਵਜੂਦ ਇੱਕ-ਦੂਜੇ ਦੇ ਪਰਿਵਾਰਾਂ ’ਤੇ ਨਿੱਜੀ ਟਿੱਪਣੀਆਂ ਕਰਨ ਤੱਕ ਉੱਤਰ ਆਏ ਹਨ।

ਕਾਂਗਰਸੀ ਆਗੂ ਕਮਲਜੀਤ ਕੜਵਲ ਅਤੇ ਉਨ੍ਹਾਂ ਦੇ ਸਾਥੀ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ।
ਕਾਂਗਰਸੀ ਆਗੂ ਕਮਲਜੀਤ ਕੜਵਲ ਅਤੇ ਉਨ੍ਹਾਂ ਦੇ ਸਾਥੀ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ।

ਪੰਜਾਬ ਕਾਂਗਰਸ ਪ੍ਰਦੇਸ਼ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜ਼ਦੀਕੀ ਮੰਨੇ ਜਾਂਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪਹਿਲਾਂ ਪ੍ਰੈੱਸ ਕਾਨਫਰੰਸ ਕਰ ਕੇ ਕੜਵਲ ’ਤੇ ਤਿੱਖੇ ਹਮਲੇ ਕੀਤੇ। ਬੈਂਸ ਨੇ ਕਿਹਾ ਕਿ ਜੋ ਲੋਕ ਅੱਜ ਰਾਜਾ ਵੜਿੰਗ ਦੇ ਨਿਵੇਸ਼ਾਂ ਬਾਰੇ ਮਨਘੜਤ ਗੱਲਾਂ ਕਰ ਰਹੇ ਹਨ, ਉਹ ਪਹਿਲਾਂ ਆਪਣੇ ਤਿੰਨ ਸਾਲ ਪੁਰਾਣੇ 82 ਲੱਖ ਰੁਪਏ ਦਾ ਹਿਸਾਬ ਦੇਣ, ਜਿਸ ਦਾ ਵਿਆਜ ਹੁਣ ਤਿੰਨ ਕਰੋੜ ਰੁਪਏ ਦੇ ਲਗਪਗ ਪਹੁੰਚ ਚੁੱਕਾ ਹੈ। ਬੈਂਸ ਨੇ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਅਜਿਹੇ ਅਨਸਰਾਂ ਤੋਂ ਦੂਰੀ ਬਣਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਕੜਵਲ ਦੇ ਪਰਿਵਾਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਮੇਰੀ ਇਮਾਨਦਾਰੀ ’ਤੇ ਉਂਗਲ ਚੁੱਕਣ ਵਾਲਿਆਂ ਦੇ ਆਪਣੇ ਪਰਿਵਾਰਾਂ ਵਿੱਚ ਸੰਗੀਨ ਮਾਮਲਿਆਂ ਦੇ ਮੁਲਜ਼ਮ ਮੌਜੂਦ ਹਨ। ਬੈਂਸ ਨੇ ਚਿਤਾਵਨੀ ਦਿੱਤੀ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਕਈ ਅਹਿਮ ਆਡੀਓ ਰਿਕਾਰਡਿੰਗਜ਼ ਜਨਤਕ ਕਰ ਕੇ ਕਈ ਚਿਹਰੇ ਬੇਨਕਾਬ ਕਰਨਗੇ।

Advertisement

ਇਸ ਦੇ ਪਲਟਵਾਰ ਵਿੱਚ ਕਮਲਜੀਤ ਸਿੰਘ ਕੜਵਲ ਨੇ ਵੀ ਪੱਤਰਕਾਰ ਮਿਲਣੀ ਕਰ ਕੇ ਬੈਂਸ ਨੂੰ ‘ਪੈਸਿਆਂ ਦਾ ਲਾਲਚੀ’ ਗਰਦਾਨਿਆ। ਕੜਵਲ ਸਭ ਤੋਂ ਵੱਧ ਇਸ ਗੱਲ ਤੋਂ ਖ਼ਫ਼ਾ ਨਜ਼ਰ ਆਏ ਕਿ ਬੈਂਸ ਨੇ ਉਨ੍ਹਾਂ ਦੇ ਪਰਿਵਾਰ ਦੀਆਂ ਮਹਿਲਾਵਾਂ ਲਈ ਕਥਿਤ ਗ਼ਲਤ ਸ਼ਬਦਾਵਲੀ ਵਰਤੀ ਹੈ। ਉਨ੍ਹਾਂ ਬੈਂਸ ਨੂੰ ਲਾਏ ਗਏ ਦੋਸ਼ਾਂ ਦੇ ਸਬੂਤ ਜਨਤਕ ਕਰਨ ਲਈ ਸੱਤ ਦਿਨਾਂ ਦੀ ਮੋਹਲਤ ਦਿੱਤੀ ਅਤੇ ਕਿਹਾ ਕਿ ਬੈਂਸ ਆਗਾਮੀ ਚੋਣਾਂ ਵਿੱਚ ਆਪਣੀ ਹਾਰ ਦੇ ਡਰੋਂ ਬੌਖਲਾਹਟ ਵਿੱਚ ਆ ਗਏ ਹਨ। ਕੜਵਲ ਨੇ ਤਨਜ ਕੱਸਦਿਆਂ ਕਿਹਾ ਕਿ ਸਿਮਰਜੀਤ ਬੈਂਸ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬਰਾਬਰੀ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਭੜਾਸ ਕੱਢੀ ਗਈ ਪਰ ਸਿਆਸੀ ਸਮੀਕਰਨ ਬਦਲਦਿਆਂ ਹੀ ਬੈਂਸ ਦੇ ਸੁਰ ਬਦਲ ਗਏ। ਸਾਬਕਾ ਵਿਧਾਇਕ ਬੈਂਸ ਵੱਲੋਂ ਲਾਏ 82 ਲੱਖ ਰੁਪਏ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕੜਵਲ ਨੇ ਮੀਡੀਆ ਸਾਹਮਣੇ ਸਾਲ 1997 ਦੀ ਇੱਕ ਜ਼ਮੀਨ ਦੀ ਫ਼ਰਦ ਦਿਖਾਈ। ਉਨ੍ਹਾਂ ਦਾਅਵਾ ਕੀਤਾ ਕਿ 1997 ਤੋਂ ਪਹਿਲਾਂ ਬੈਂਸ ਕੋਲ ਇੱਕ ਗਜ਼ ਜ਼ਮੀਨ ਵੀ ਨਹੀਂ ਸੀ ਅਤੇ ਉਨ੍ਹਾਂ ਨੇ ਖ਼ੁਦ ਆਪਣੀ ਜ਼ਮੀਨ ਬੈਂਸ ਦੇ ਨਾਮ ਤਬਦੀਲ ਕੀਤੀ ਸੀ। ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕੜਵਲ ਨੇ ਦੱਸਿਆ ਕਿ ਜਦੋਂ ਬੈਂਸ ਨੇ ਪਹਿਲੀ ਵਾਰ ਕੌਂਸਲਰ ਦੀ ਚੋਣ ਲੜੀ ਸੀ, ਉਦੋਂ ਉਨ੍ਹਾਂ ਨੇ ਹੀ ਸਾਥ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਹ ਬੈਂਸ ਦੀ ਖ਼ਾਤਰ ਜੇਲ੍ਹ ਵੀ ਗਏ, ਪਰ ਉੱਥੇ ਜਾ ਕੇ ਉਨ੍ਹਾਂ ਦੀ ਅਸਲ ਨੀਅਤ ਦਾ ਪਤਾ ਲੱਗਿਆ, ਕਿਉਂਕਿ ਬੈਂਸ ਨੇ ਉਨ੍ਹਾਂ ਦੀ ਜ਼ਮਾਨਤ ਕਰਵਾਉਣ ਬਦਲੇ ਉਨ੍ਹਾਂ ਦੇ ਪਰਿਵਾਰ ਕੋਲੋਂ 45 ਲੱਖ ਰੁਪਏ ਵਸੂਲ ਲਏ ਸਨ। ਦੋਵਾਂ ਆਗੂਆਂ ਦੇ ਇਨ੍ਹਾਂ ਜਨਤਕ ਬਿਆਨਾਂ ਨੇ ਕਾਂਗਰਸ ਦੀ ਅੰਦਰੂਨੀ ਫੁੱਟ ਨੂੰ ਚੌਰਾਹੇ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।

Advertisement

Advertisement
×