ਮਹਿਲਾ ਕਿਸਾਨ ਦਿਵਸ ਮੌਕੇ ਕੇਂਦਰ ਨੂੰ ਵੰਗਾਰਿਆ

‘ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ’ ਨਾਟਕ ਦਾ ਮੰਚਨ; ਖੇਤੀ ਕਾਨੂੰਨ ਵਾਪਸ ਨਾ ਲੈਣ ’ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ

ਮਹਿਲਾ ਕਿਸਾਨ ਦਿਵਸ ਮੌਕੇ ਕੇਂਦਰ ਨੂੰ ਵੰਗਾਰਿਆ

ਜਗਰਾਉਂ ਧਰਨੇ ਵਿੱਚ ਸ਼ਾਮਲ ਕਿਸਾਨ ਮਜ਼ਦੂਰ ਬੀਬੀਆਂ ਦਾ ਵੱਡਾ ਇਕੱਠ।

ਚਰਨਜੀਤ ਸਿੰਘ ਢਿੱਲੋਂ

ਜਗਰਾਉਂ, 18 ਜਨਵਰੀ

ਇੱਥ ਅੱਜ ਰੇਲਵੇ ਸਟੇਸ਼ਨ ਸੰਘਰਸ਼ੀ ਪਿੜ੍ਹ ਵਿੱਚ ਮਹਿਲਾ ਕਿਸਾਨ ਦਿਵਸ ਨੂੰ ਸਮਰਪਿਤ ਨੂੰ ਰਚਿਆ ਸਮਾਗਮ ਇਤਿਹਾਸਿਕ ਹੋ ਨਿਬੜਿਆ। ਦੋਵਾਂ ਹਲਕਿਆਂ,ਚਾਰ ਬਲਾਕਾਂ ਵਿੱਚੋਂ 15 ਸੌ ਦੇ ਕਰੀਬ ਪੁੱਜੀਆਂ ਔਰਤਾਂ ਦਾ ਉਤਸ਼ਾਹ ਅਤੇ ਮੋਦੀ ਖਿਲਾਫ ਗੁੱਸਾ ਸਿਰ ਚੜ੍ਹ ਬੋਲ ਰਿਹਾ ਸੀ । ਭੁੱਖ ਹੜਤਾਲ ’ਤੇ 34 ਬੀਬੀਆਂ ਦਾ ਜਥਾ ਬੈਠਿਆ। ਧਰਨੇ ਦੀ ਸਟੇਜ਼ ਕਵਿਤਰੀ ਪ੍ਰਿੰਸੀਪਲ ਦਲਜੀਤ ਕੌਰ ਨੇ ਸੰਭਾਲੀ । ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਅਗਲੇ ਪੜਾਅ ਵਿੱਚ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ (ਮੋਗਾ) ਦੇ ਕਲਾਕਾਰਾਂ ਨੇ ਨਿਰਦੇਸ਼ਕ ਤੀਰਥ ਸਿੰਘ ਚੜਿੱਕ ਦੀ ਨਿਰਦੇਸ਼ਨਾਂ ਹੇਠ ਸੋਮਪਾਲ ਹੀਰਾ ਦਾ ਲਿਖਿਆ ਨਾਟਕ ‘ਹੈਲੋ ਮੈਂ ਦਿੱਲੀ ਤੋਂ ਦੁੱਲਾ ਬੋਲਦਾ ਹਾਂ’ ਖੇਡ ਕੇ ਦਿੱਲੀ ਮੋਰਚੇ ਦੀ ਤਸਵੀਰ ਪੇਸ਼ ਕੀਤੀ । ਮੰਚ ਤੋਂ ਪ੍ਰਿੰ.ਅੰਜੂ ਚੌਧਰੀ, ਅਮਰਜੀਤ ਕੌਰ, ਹਰਬੰਸ ਅਖਾੜਾ, ਕੰਵਲਜੀਤ ਖੰਨਾ, ਰਵਿੰਦਰ ਰਾਜੂ ਨੇ ਕੇਂਦਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਦਾ ਬੱਚਾ-ਬੱਚਾ ਮੋਦੀ ਦੀ ਖੋਟੀ ਨੀਅਤ ਨੂੰ ਸਮਝ ਚੁੱਕਾ ਹੈ। ਸੰਘਰਸ਼ੀ ਪਿੜ੍ਹ ਵਿੱਚ ਰੂੰਮੀ ਦੀਆਂ ਬੱਚੀਆਂ ਜੈਸਮੀਨ ਤੇ ਹਰਮਨ ਨੇ ਕਵਿਤਾ ਪੜ੍ਹੀ । ਚੌਂਕੀਮਾਨ ਟੋਲ ’ਤੇ ਵੀ 18 ਪਿੰਡਾਂ ਦੀਆਂ ਕਿਸਾਨ ਔਰਤਾਂ ਨੇ ਸਮਾਗਮ ਵਿੱਚ ਹਿੱਸਾ ਲੈ ਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ। ਮਗਰੋਂ ਔਰਤਾਂ ਨੇ ਮੋਦੀ ਦਾ ਪਿੱਟ ਸਿਆਪਾ ਕੀਤਾ ।

ਗੁਰੂਸਰ ਸੁਧਾਰ (ਸੰਤੋਖ ਗਿੱਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਮਹਿਲਾ ਕਿਸਾਨ ਦਿਵਸ ਮੌਕੇ ਔਰਤਾਂ ਨੇ ਸ਼ਕਤੀ ਪ੍ਰਦਰਸ਼ਨ ਦੌਰਾਨ ਕੇਂਦਰ ਦੀ ਮੋਦੀ ਹਕੂਮਤ ਨੂੰ ਵੰਗਾਰਦਿਆਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਹਾਲੇ ਵੀ ਕਾਲੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਨੂੰ ਔਰਤਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਲਾਏ ਵਿਸ਼ਾਲ ਧਰਨੇ ਦੀ ਅਗਵਾਈ ਰਣਜੀਤ ਕੌਰ, ਪਰਮਜੀਤ ਕੌਰ, ਅਵਤਾਰ ਕੌਰ, ਰਜਿੰਦਰ ਕੌਰ ਅਤੇ ਰਾਜਵਿੰਦਰ ਕੌਰ ਘੁੰਗਰਾਣਾ ਨੇ ਕੀਤੀ। ਇਸ ਮੌਕੇ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਪ੍ਰੋਫੈਸਰ ਪਰਮਜੀਤ ਕੌਰ, ਡਾਕਟਰ ਜਸਵੀਰ ਕੌਰ ਜੋਧਾਂ, ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਸੁਭਾਸ਼ ਰਾਣੀ ਨੇ ਇਸ ਮੌਕੇ ਸੰਬੋਧਨ ਕੀਤਾ। ਇਸ ਮੌਕੇ ਲੋਕ ਹਿਤ ਰੰਗਮੰਚ ਖੱਟੜਾ (ਟੋਨੀ ਖੱਟੜਾ) ਵੱਲੋਂ ਡਾਕਟਰ ਸੋਮਪਾਲ ਹੀਰਾ ਨਾਟਕ ‘ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ’ ਪੇਸ਼ ਕਰ ਕੇ ਵਾਹ ਵਾਹ ਖੱਟੀ। 

ਸਮਰਾਲਾ (ਡੀਪੀਐੱਸ ਬੱਤਰਾ): ਸਾਂਝੇ ਕਿਸਾਨ ਮੋਰਚੇ ਦੇ ਸੱਦੇ ’ਤੇ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਤੋਂ ਪਹਿਲਾਂ ਅੱਜ ਕਿਸਾਨ ਨੇਤਾਵਾਂ ਵੱਲੋਂ ਮਹਿਲਾ ਕਿਸਾਨ ਦਿਵਸ ਮਨਾਉਂਦੇ ਹੋਏ ਕਿਸਾਨ ਅੰਦੋਲਨ ਵਿਚ ਬੀਬੀਆਂ ਦੀ ਹਿੱਸੇਦਾਰੀ ਨੂੰ ਪ੍ਰਮੁੱਖਤਾ ਨਾਲ ਸਾਹਮਣੇ ਲਿਆਂਦਾ ਗਿਆ। ਅੱਜ ਘੁਲਾਲ ਟੋਲ ਪਲਾਜ਼ਾ ਵਿੱਚ ਮਨਾਏ ਗਏ ‘ਮਹਿਲਾ ਕਿਸਾਨ ਦਿਵਸ’ ਮੌਕੇ ਬੀਬੀਆਂ ਨੇ ਮੋਦੀ ਸਰਕਾਰ ਨੂੰ ਵੰਗਾਰਦੇ ਹੋਏ ਕਿਹਾ ਕਿ ਜੇ ਖੇਤੀ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਬੀਬੀਆਂ ਵੱਲੋਂ ਵੀ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਂਦੇ ਹੋਏ ਅੱਗੇ ਹੋ ਕੇ ਇਸ ਕਿਸਾਨ ਮੋਰਚੇ ਨੂੰ ਸੰਭਾਲਿਆ ਜਾਵੇਗਾ। ਮਹਿਲਾ ਸੰਗਠਨਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਕਿਸਾਨਾਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲਵੇ ਅਤੇ ਇਹ ਅੰਦੋਲਨ ਪਹਿਲਾ ਨਾਲੋਂ ਵੀ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਲਬੀਰ ਸਿੰਘ ਖੀਰਨੀਆਂ, ਹਰਦੀਪ ਸਿੰਘ ਗਿਆਸਪੁਰ, ਮੋਹਣ ਸਿੰਘ, ਹਰਜੀਤ ਸਿੰਘ ਲੋਪੋਂ, ਮਨਜੀਤ ਕੌਰ, ਰਾਜਵਿੰਦਰ ਕੌਰ, ਕਮਲਜੀਤ ਕੌਰ, ਸਤਵੰਤ ਕੌਰ ਹਾਜ਼ਰ ਸਨ।

ਭਾਈ ਘਨ੍ਹੱਈਆ ਜੀ ਸੁਸਾਇਟੀ ਵੱਲੋਂ ਯੂਐੱਨਓ ਨੂੰ ਮੰਗ ਪੱਤਰ

ਲੁਧਿਆਣਾ (ਗੁਰਿੰਦਰ ਸਿੰਘ): ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਯੂਐੱਨਓ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸਰਗਰਮ ਭੂਮਿਕਾ ਨਿਭਾ ਕੇ ਸੰਘਰਸ਼ਸ਼ੀਲ ਭਾਰਤੀ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਅੱਗੇ ਆਉਣ। ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਅੱਜ ਇਕ ਵਫ਼ਦ ਨੇ ਨਵੀਂ ਦਿੱਲੀ ਸਥਿਤ ਯੂਐੱਨਓ ਦੇ ਦਫ਼ਤਰ ਵਿੱੱਚ ਅਧਿਕਾਰੀ ਜਗਮੋਹਨ ਬਿਸ਼ਟ ਨੂੰ ਕਿਸਾਨਾਂ ਦੇ ਹੱਕ ਵਿੱਚ ਲਿਖਿਆ ਮੰਗ ਪੱਤਰ ਸੋਪਿਆ। ਇਸ ਮੌਕੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਜੱਥੇਦਾਰ ਨਿਮਾਣਾ ਨੇ ਦੱਸਿਆ ਕਿ ਕਿਸਾਨਾਂ, ਮਜ਼ਦੂਰਾਂ ਅਤੇ ਸੁਸਾਇਟੀ ਦੇ ਵਾਲੰਟੀਅਰਾਂ ਵੱਲੋਂ ਆਪਣੇ ਖੂਨ ਨਾਲ ਲਿਖੀਆਂ 26 ਦੇ ਕਰੀਬ ਚਿੱਠੀਆਂ ਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਖੇਤੀਬਾੜੀ ਮੰਤਰੀ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸਮੇਤ ਸਰਕਾਰ ਦੇ ਮੰਤਰੀਆਂ ਨੂੰ ਲਿਖ ਕੇ ਭੇਜੀਆਂ ਜਾ ਚੁੱਕੀਆਂ ਹਨ ਪਰ ਸਰਕਾਰ ਦੇ ਉੱਚ ਅਧਿਕਾਰੀ ਚੁੱਪਚਾਪ ਕਿਸਾਨਾਂ ਦਾ ਘਾਣ ਹੁੰਦਾ ਦੇਖ ਰਹੇ ਹਨ। ਇਸ ਮੌਕੇ ਜਸਵੰਤ ਸਿੰਘ ਛਾਬੜਾ, ਗੁਰਵਿੰਦਰ ਸਿੰਘ ਛਾਬੜਾ, ਸੁਸ਼ੀਲ ਸੂਰੀ ਵੀ ਹਾਜ਼ਰ ਸਨ।

ਚਕੋਹੀ ਵਿੱਚ ਪਰਵਾਸੀਆਂ ਦੇ ਸਹਿਯੋਗ ਨਾਲ ਔਰਤਾਂ ਨੇ ਕੱਢੀ ਜਾਗੋ

ਪਾਇਲ (ਦੇਵਿੰਦਰ ਸਿੰਘ ਜੱਗੀ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ‘ਮਹਿਲਾ ਕਿਸਾਨ ਦਿਵਸ’ ਮੌਕੇ ਪਿੰਡ ਚਕੋਹੀ ਵਿੱਚ ਪ੍ਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਮਹਿਲਾਵਾਂ ਵੱਲੋਂ ਪਿੰਡ ਵਿੱਚ ਜਾਗੋ ਕੱਢੀ ਗਈ। ਸਰਪੰਚ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਬੰਦ ਹੋਏ ਕੰਨਾਂ ਨੂੰ ਖੋਲ੍ਹਣ ਲਈ  ਅਤੇ ਕਿਸਾਨ ਮੋਰਚੇ ‘ਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪਿੰਡ ਦੀਆਂ ਔਰਤਾਂ ਵੱਲੋਂ ਪੂਰੇ ਪਿੰਡ ‘ਚ ਜਾਗੋ ਕੱਢੀ ਗਈ। ਇਸ ਮੌਕੇ ਕਾਮਰੇਡ ਜਗਤਾਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਅਪੀਲ ਕੀਮਤੀ। ਜਾਗੋ ਰੈਲੀ ਵਿੱਚ ਪ੍ਰੋ. ਅਮ੍ਰਿੰਤਪਾਲ ਕੌਰ, ਭੁਪਿੰਦਰ ਕੌਰ, ਪਰਮਿੰਦਰ ਕੌਰ, ਕਰਨਵੀਰ ਸਿੰਘ, ਮਨਜਿੰਦਰ ਸਿੰਘ (ਸਾਰੇ ਪੰਚ) ਹਰਵਿੰਦਰ ਕੌਰ, ਮਨਜੀਤ ਕੌਰ, ਬਲਜਿੰਦਰ ਕੌਰ, ਰੁਪਿੰਦਰ ਕੌਰ, ਮਾ. ਸੁਰਜੀਤ ਸਿੰਘ, ਜਗਦੇਵ ਸਿੰਘ, ਹਰਮਿੰਦਰ ਸਿੰਘ, ਨਵਦੀਪ ਸਿੰਘ, ਪ੍ਰਧਾਨ ਕਸਮੀਰਾ ਸਿੰਘ, ਮਲਕੀਤ ਸਿੰਘ ਹਾਜ਼ਰ ਸਨ।

ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਪਾਠ ਦੇ ਭੋਗ ਪਾਏ

ਕਿਲ੍ਹਾ ਰਾਏਪੁਰ ਵਿੱਚ ਮਹਿਲਾ ਆਗੂਆਂ ਦੇ ਵਿਚਾਰ ਸੁਣਦੀਆਂ ਔਰਤਾਂ।-ਫੋਟੋ: ਗਿੱਲ

ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੋਂ ਨੇੜਲੇ ਪਿੰਡ ਚੱਕਮਾਫ਼ੀ ਵਿੱਚ ਅੱਜ ਕਿਸਾਨੀ ਸੰਘਰਸ਼ ਦੀ ਸਫ਼ਲਤਾ ਸਬੰਧੀ ਕਾਮਨਾ ਕਰਦਿਆਂ ਅਤੇ ਸੰਘਰਸ਼ ਕਰਨ ਵਾਲੇ ਕਿਸਾਨਾਂ ਦੀ ਸਿਹਤਯਾਬੀ ਲਈ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਕਥਾਵਾਚਕ ਭਾਈ ਜਗਜੀਤ ਸਿੰਘ ਨੇ ਗੁਰਬਾਣੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਐਡਵੋਕੇਟ ਕੇਸਰ ਸਿੰਘ ਤੇ ਰਾਜਵੰਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਪਾਸ ਕੀਤੇ ਕਾਲੇ ਕਾਨੂੰਨ ਕਿਸਾਨ ਵਿਰੋਧੀ ਹਨ। ਇਸ ਮੌਕੇ ਗੁਰਦੇਵ ਸਿੰਘ ਨੇ ਕਿਹਾ ਕਿ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀ ਸਮੁੱਚੇ ਕਿਸਾਨਾਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਅੱਜ ਪਾਠ ਦੇ ਭੋਗ ਪਾਏ ਗਏ ਹਨ। ਸਮਾਗਮ ਦੀ ਸਮਾਪਤੀ ਉਪਰੰਤ ਚਾਹ, ਬਿਸਕੁਟਾਂ ਦਾ ਲੰਗਰ ਲਾਇਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All