ਖੇਤੀ ਕਾਨੂੰਨ

ਸੀਟੂ ਵਰਕਰਾਂ ਵੱਲੋਂ ਲੁਧਿਆਣਾ-ਬਠਿੰਡਾ ਸੜਕ ’ਤੇ ਚੱਕਾ ਜਾਮ

ਰੋਸ ਮਾਰਚ ਵਿਚ ਵੱਡੀ ਗਿਣਤੀ ਆਂਗਣਵਾੜੀ, ਆਸ਼ਾ ਤੇ ਮਗਨਰੇਗਾ ਮਜ਼ਦੂਰ ਔਰਤਾਂ ਵੀ ਸ਼ਾਮਲ

ਸੀਟੂ ਵਰਕਰਾਂ ਵੱਲੋਂ ਲੁਧਿਆਣਾ-ਬਠਿੰਡਾ ਸੜਕ ’ਤੇ ਚੱਕਾ ਜਾਮ

ਗੁਰੂਸਰ ਸੁਧਾਰ ਵਿਚ ਸੀਟੂ ਵਰਕਰ ਰੋਸ ਮਾਰਚ ਕਰਦੇ ਹੋੲੇ।

ਸੰਤੋਖ ਗਿੱਲ
ਗੁਰੂਸਰ ਸੁਧਾਰ, 21 ਅਕਤੂਬਰ
ਆਂਗਣਵਾੜੀ ਵਰਕਰ, ਆਸ਼ਾ ਵਰਕਰ, ਮਗਨਰੇਗਾ ਮਜ਼ਦੂਰ ਔਰਤਾਂ ਤੋਂ ਇਲਾਵਾ ਹਰ ਵਰਗ ਦੇ ਕਿਰਤੀਆਂ ਨੇ ਅੱਜ ਦੁਪਹਿਰ 12 ਵਜੇ ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਸਥਾਨਕ ਬਜ਼ਾਰ ਵਿਚ ਚੱਕਾ ਜਾਮ ਕਰ ਦਿੱਤਾ। ਇਕ ਘੰਟਾ ਆਵਾਜਾਈ ਠੱਪ ਕਰਨ ਤੋਂ ਬਾਅਦ ਸੀਟੂ ਆਗੂਆਂ ਦੀ ਅਗਵਾਈ ਵਿਚ ਮਜ਼ਦੂਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਸ਼ਹਿਰ ਵਿਚ ਰੋਸ ਮਾਰਚ ਵੀ ਕੀਤਾ। ਕੇਂਦਰ ਦੀ ਮੋਦੀ ਸਰਕਾਰ ਨਾਲ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਹੱਕ ਵਿਚ ਅੱਜ ਮਜਦੂਰ ਜਮਾਤ ਸੜਕਾਂ ’ਤੇ ਨਿਕਲੀ।

ਇਸ ਮੌਕੇ ਸੀਟੂ ਦੀ ਕੌਮੀ ਕੌਂਸਲ ਦੇ ਮੈਂਬਰ ਸਾਬਕਾ ਵਿਧਾਇਕ ਤਰਸੇਮ ਜੋਧਾਂ, ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ, ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਇਕੱਲਿਆਂ ਨਾ ਸਮਝਣ। ਖੇਤੀ ਤੇ ਖੇਤਾਂ ਦੀ ਰਾਖੀ ਲਈ ਹੁਣ ਮਜ਼ਦੂਰ ਜਮਾਤ ਵੀ ਮੈਦਾਨ ਵਿਚ ਨਿੱਤਰੀ ਹੈ। ਸੀਟੂ ਵੱਲੋਂ ਪੰਜਾਬ ਭਰ ਵਿਚ ਕਿਸਾਨਾਂ ਦੇ ਹੱਕ ਵਿਚ ਚੱਕਾ ਜਾਮ ਮੌਕੇ ਜੌਹਲਾਂ, ਹੇਰਾਂ, ਤਲਵੰਡੀ ਰਾਏ, ਐਤੀਆਣਾ ਸਮੇਤ ਕਈ ਪਿੰਡਾਂ ਦੇ ਕਿਸਾਨ ਵੀ ਸ਼ਾਮਲ ਹੋਏ।

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵੱਲੋਂ ਵੀ ਅੱਜ ਪੂਰੇ ਪੰਜਾਬ ’ਚ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਗਿਆ। ਯੂਨੀਅਨ ਵੱਲੋਂ ਲੁਧਿਆਣਾ ਵਿਚ ਗਿੱਲ ਨਹਿਰ ’ਤੇ ਇੱਕ ਘੰਟੇ ਤੱਕ ਸੜਕ ਜਾਮ ਕੀਤੀ ਗਈ, ਇਸ ਦੌਰਾਨ ਪ੍ਰਦਰਸ਼ਨ ਕਰਦੇ ਸਮੇਂ ਸੜਕ ਜਾਮ ਹੋਣ ਦੇ ਚੱਲਦੇ ਸੜਕ ਦੇ ਦੋਵੇਂ ਪਾਸੇ ਲੰਬਾ ਜਾਮ ਲੱਗ ਗਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਇਸ ਦੌਰਾਨ ਕਿਸੇ ਵੀ ਵਾਹਨ ਉਥੋਂ ਲੰਘਣ ਨਹੀਂ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਮੋਦੀ ਸਰਕਾਰ ਨੇ ਸੱਤਾ ’ਚ ਆਉਣ ਤੋਂ ਬਾਅਦ ਵੱਡੇ ਘਰਾਣਿਆਂ ਦੇ ਵਿਕਾਸ ਉੱਤੇ ਪੂਰਾ ਜ਼ੋਰ ਦਿੱਤਾ ਹੈ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲ ਪਾਸ ਕਰਨ ਤੋਂ ਬਾਅਦ ਇਕ ਗੱਲ ਤਾਂ ਸਾਫ਼ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਲੋਕਾਂ ਦੀ ਨਹੀਂ ਬਲਕਿ ਪੂੰਜੀਪਤੀਆਂ ਦੀ ਸਰਕਾਰ ਹੈ ਸਰਕਾਰ ਵੱਲੋਂ ਕਿਸਾਨਾਂ ਨੂੰ ਸੱਦਾ ਦੇ ਬਾਵਜੂਦ ਉਨ੍ਹਾਂ ਨਾਲ ਮੀਟਿੰਗ ਨਹੀਂ ਕੀਤੀ ਗਈ। ਆਂਗਣਵਾੜੀ ਮੁਲਾਜ਼ਮ ਯੂਨੀਅਨ ਅਤੇ ਸੀਟੂ ਦੇ ਵੱਲੋਂ ਲਗਾਏ ਗਏ ਇਕ ਘੰਟੇ ਦੇ ਜਾਮ ਨਾਲ ਸ਼ਹਿਰ ਦਾ ਪਹੀਆ ਰੁਕ ਗਿਆ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਪ੍ਰਦਰਸ਼ਨਕਾਰੀਆਂ ਦੇ ਨਾਲ ਬਹਿਸਬਾਜ਼ੀ ਵੀ ਕਰਨੀ ਪਈ ਪਰ ਪ੍ਰਦਰਸ਼ਨਕਾਰੀਆਂ ਨੇ ਕਿਸੇ ਦੀ ਇੱਕ ਵੀ ਨਹੀਂ ਸੁਣੀ ਅਤੇ ਕਿਸੇ ਨੂੰ ਵੀ ਉਥੋਂ ਨਿਕਲਣ ਦਿੱਤਾ ਇਕ ਘੰਟੇ ਤਕ ਪ੍ਰਦਰਸ਼ਨ ਦੌਰਾਨ ਮਰੀਜ਼ ਨੂੰ ਲਿਜਾਣ ਵਾਲੀ ਐਂਬੂਲੈਂਸ ਵੀ ਜਾਮ ਵਿੱਚ ਫਸ ਕੇ ਰਹਿ ਗਈ।

ਜਗਰਾਉਂ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦੀ ਤਸਵੀਰ।

ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਦੇਸ਼ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ, ਮਜ਼ਦੂਰ ਮਾਰੂ ਬਿੱਲਾਂ ਖ਼ਿਲਾਫ਼ ਅਰੰਭਿਆ ਸੰਘਰਸ਼ 21 ਦਿਨ ਪੂਰੇ ਕਰ ਚੁੱਕਾ ਹੈ । ਰੇਲਵੇ ਸਟੇਸ਼ਨ, ਚੌਂਕੀਮਾਨ ਟੌਲ ਪਲਾਜ਼ੇ, ਰਿਲਾਇੰਸ ਪੰਪ ਤੇ ਕਿਸਾਨ, ਮਜ਼ਦੂਰ ਹੋਰ ਹਮਖਿਆਲੀ ਮੁਲਾਜ਼ਮ ਜਥੇਬੰਦੀਆਂ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਭਰਵੀਂ ਹਾਜ਼ਰੀ ’ਚ ਪੂਰੇ ਜੋਸ਼ ਨਾਲ ਆਰ-ਪਾਰ ਦੀ ਲੜਾਈ ਲੜਨ ਦੇ ਪੱਕੇ ਇਰਾਦੇ ਨਾਲ ਬਿਨਾ ਕਿਸੇ ਸਿਆਸੀ ਸ਼ਹਿ ਤੋਂ ਤਿਆਰ ਬੈਠੇ ਹਨ। ਪੈਡੀ ਸੀਜ਼ਨ ਹੋਣ ਕਾਰਨ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਕਿਸਾਨ, ਮਜ਼ਦੂਰ ਇੱਕ ਦੂਸਰੇ ਦੀ ਸਹਾਇਤਾ ਲਈ ਤੱਤਪਰ ਹਨ। ਇੱਥੇ ਰਿਲਾਇੰਸ ਦਾ ਨਵਾਂ ਖੁੱਲਿਆ ਸੁਪਰ ਸਟੋਰ ਤਾਂ ਕਿਸਾਨਾਂ ਨੇ ਨਾਅਰਬਾਜ਼ੀ ਕਰ-ਕਰ ਪੱਕੇ ਤਾਲਿਆਂ ’ਚ ਬੰਦ ਕਰ ਦਿੱਤਾ ਹੈ। ਧਰਨੇ ਨੂੰ ਕੰਵਲਜੀਤ ਖੰਨਾ, ਬੂਟਾ ਸਿੰਘ ਚੱਕਰ, ਹਰਦੀਪ ਗਾਲਿਬ, ਮਹਿੰਦਰ ਕਮਾਲਪੁਰਾ, ਅਵਤਾਰ ਰਸੂਲਪੁਰ, ਇੰਦਰਜੀਤ ਜਗਰਾਉਂ, ਬਲਰਾਜ਼ ਕੋਟਉਮਰਾ, ਜਤਿੰਦਰ ਮਲਕ, ਅਧਿਆਪਕ ਹਰਭਜਨ ਸਿੰਘ, ਸੁਰਜੀਤ ਦੌਧਰ ਤੇ ਜੋਗਿੰਦਰ ਬਜੁਰਗ ਨੇ ਸੰਬੋਧਨ ਕੀਤਾ।

ਖੰਨਾ (ਜੋਗਿੰਦਰ ਸਿੰਘ ਓਬਰਾਏ): ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਕਿਸਾਨ ਕਾਨੂੰਨਾਂ ਤੋਂ ਬਚਾਉਣ ਲਈ ਲਿਆਂਦੇ ਤਿੰਨ ਕਾਨੂੰਨਾਂ ਦੀ ਕਾਂਗਰਸੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਸਬੰਧੀ ਬੋਲਦਿਆਂ ਬਲਾਕ ਸਮਿਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਤਿੰਨ ਬਿੱਲ ਪੇਸ਼ ਕਰ ਕੇ ਇਤਿਹਾਸਕ ਫੈ਼ਸਲਾ ਲਿਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਇਹ ਫੈ਼ਸਲਾ ਪੰਜਾਬ ਦੇ ਭਵਿੱਖ ਨੂੰ ਸੰਵਾਰਨ ਵਾਲਾ ਹੈ। ਇਸ ਨਾਲ ਸੂਬਾ ਸਰਕਾਰ ਵੱਲੋਂ ਘੱਟੋਂ ਘੱਟ ਸਮਰਥਨ ਮੁੱਲ ਤੇ ਫ਼ਸਲ ਦੀ ਖਰੀਦ ਨਾ ਕਰਨ ਵਾਲੇ ਨੂੰ ਸਜ਼ਾ ਦੇਣ ਦਾ ਪ੍ਰਬੰਧ ਕਰਨ ਦੇ ਨਾਲ ਕਿਸਾਨਾਂ ਦੀ ਲੁੱਟ ਨਹੀਂ ਹੋਵੇਗੀ।

ਕਿਸਾਨ ਜਥੇਬੰਦੀਆਂ ਨੇ ਰਿਲਾਇੰਸ ਪੈਟਰੋਲ ਪੰਪ ਘੇਰਿਆ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਵਿਰੁੱਧ ’ਚ ਕਿਸਾਨ ਜਥੇਬੰਦੀਆਂ ਨੇ ਅੱਜ ਰਿਲਾਇੰਸ ਦਾ ਪੈਟਰੋਲ ਪੰਪ ਘੇਰ ਲਿਆ। ਇਸ ਦੌਰਾਨ ਕਿਸਾਨਾਂ ਦਾ ਸਾਥ ਦੇਣ ਲਈ ਅੱਜ ਪੰਜਾਬੀ ਗਾਇਕ ਸਿੱਪੀ ਗਿੱਲ ਵੀ ਪੁੱਜਿਆ। ਸਿੱਪੀ ਨੇ ਕਿਹਾ ਕਿ ਵਿਧਾਨਸਭਾ ਦਾ ਸੈਸ਼ਨ ਬੁਲਾਉਣਾ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਹੈ, ਇਸ ਨੂੰ ਇਵੇਂ ਹੀ ਜਾਰੀ ਰੱਖਣਾ ਹੋਵੇਗਾ। ਸਿੱਪੀ ਨੇ ਕਿਹਾ ਕਿ ਕਿਸਾਨ ਆਪਣੇ ਸੰਘਰਸ਼ ਦੇ ਲਈ ਜੋ ਵੀ ਕਰ ਰਹੇ ਹਨ, ਉਹ ਬਿਲਕੁੱਲ ਸਹੀ ਹੈ, ਕੇਂਦਰ ਦੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਵਾਸਤੇ ਇਹ ਸਭ ਕੁੱਝ ਕਰਨਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੰ ਪਹਿਲਾਂ ਹੀ ਇਹ ਬਿੱਲ ਵਿਧਾਨਸਭਾ ਦੇ ਵਿਚ ਪਾਸ ਕਰ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜੋ ਐਨਆਰਆਈ ਭਰਾ ਵਿਦੇਸ਼ਾਂ ਕਿਸਾਨਾਂ ਦੇ ਸਮਰਥਣ ਲਈ ਧਰਨੇ ਲਗਾ ਰਹੇ ਹਨ, ਉਹ ਵੀ ਆਪਣੇ ਧਰਨੇ ਅੱਗੇ ਜਾਰੀ ਰੱਖਣ। ਇਸ ਤੋਂ ਇਲਾਵਾ ਧਰਨੇ ਵਿਚ ਮਹਿਲਾ ਕਿਸਾਨ ਆਗ ਸਿਮਰਨਜੀਤ ਕੌਰ ਗਿੱਲ ਨੇ ਕਿਹਾ ਕਿ ਪਹਿਲੀ ਵਾਰ ਪੰਜਾਬ ਦੇ ਸਾਰੇ ਵਿਧਾਇਕਾਂ ਨੇ ਇਕੱਠੇ ਹੋ ਕੇ ਕੇਂਦਰ ਸਰਕਰਾ ਦੇ ਬਿੱਲ ਵਿਰੁੱਧ ਮਤਾ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਵੀ ਕੁੱਝ ਕਮੀਆਂ ਹਨ, ਪਰ ਫਿਰ ਵੀ ਜੋ ਕਦਮ ਚੁੱਕੇਗੇ ਹਨ, ਉਹ ਚੰਗੇ ਹਨ।

ਪੰਜਾਬ ਸਰਕਾਰ ਦੇ ਫੈਸਲੇ ’ਤੇ ਕਿਸਾਨ ਆਗੂਆਂ ਦੀ ਰਾਏ

ਲੁਧਿਆਣਾ (ਰਾਮ ਗੋਪਾਲ ਰਾਏਕੋਟੀ): ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਦੇ ਅਨੂਰੂਪ ਪੰਜਾਬ ਵਿਧਾਨ ਸਭਾ ’ਚ ਬਿਲ ਪਾਸ ਕੀਤੇ ਹਨ, ਪਰ ਅਜੇ ਇਨ੍ਹਾਂ ਬਿਲਾਂ ਦੇ ਕਾਨੂੰਨ ਬਣਨ ਦਾ ਪੈਂਡਾ ਸੌਖਾ ਨਹੀਂ ਹੈ। ਇਨ੍ਹਾਂ ਨਵੇਂ ਸੋਧ ਬਿੱਲਾਂ ਬਾਰੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਰਾਏ:

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਦਬਾਓ ਹੇਠ ਆ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਮੱਤ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਬੋਲਣਾ ਪਿਆ, ਇਹ ਕਿਸਾਨ ਸੰਘਰਸ਼ ਦੀ ਇੱਕ ਜਿੱਤ ਹੈ।

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਰਪ੍ਰਸਤ ਕਾਮਰੇਡ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਅਜੇਹਾ ਹੈ ਕਿ ਆਪ ਹੀਰੋ ਵੀ ਬਣ ਜਾਈਏ ਤੇ ਕੇਂਦਰ ਨਾਲ ਵੀ ਬਣੀ ਰਹੇ। ਇਹ ਸਮੱਸਿਆ ਦਾ ਪੂਰਨ ਹੱਲ ਨਹੀਂ ਹੈ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਹਲਕਾ ਰਾਏਕੋਟ ਦੇ ਕਨਵੀਨਰ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਆਪਣੀ ਕੁੱਝ ਜ਼ਿੰਮੇਦਾਰੀ ਨਿਭਾਈ ਹੈ ਤੇ ਦੂਸਰੀਆਂ ਸਿਆਸੀ ਪਾਰਟੀਆਂ ਨੂੰ ਸਰਕਾਰ ਵੱਲੋਂ ਲਿਆਂਦੇ ਬਿੱਲਾਂ ਲਈ ਹਾਮੀ ਭਰਨੀ ਪਈ ਹੈ।

ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿਸਾਨ ਸੰਘਰਸ਼ ਨੇ ਸਾਰੀਆਂ ਪਾਰਟੀਆਂ ਨੂੰ ਮੂਹਰੇ ਲਗਾ ਲਿਆ, ਪਾਰਟੀਆਂ ਦੀ ਮਜਬੂਰੀ ਬਣਾ ਦਿੱਤੀ ਕੇ ਜੇ ਕਿਸਾਨਾਂ ਦੇ ਉਲਟ ਜਾਣਗੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਪਿੰਡਾਂ ’ਚ ਵੜਨ ਨਹੀਂ ਦੇਣਾ, ਜਿਸ ਦੇ ਸਿੱਟੇ ਵਜੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਸਾਨ ਮੁੱਦੇ ’ਤੇ ਇੱਕ ਮੱਤ ਹੋਣਾ ਪਿਆ।

ਭਾਜਪਾ ਆਗੂ ਬਿੱਲ ਰੱਦੀ ਦੀ ਟੋਕਰੀ ’ਚ ਪਾ ਕੇ ਮੋਦੀ ਨੂੰ ਦੇ ਆਉਣ: ਬਿੱਟੂ

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਵਿਧਾਨ ਸਭਾ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਨਕਾਰ ਦਿੱਤਾ ਗਿਆ ਹੈ, ਇਸ ਲਈ ਪੰਜਾਬ ਦੇ ਭਾਜਪਾ ਆਗੂ ਇਨ੍ਹਾਂ ਬਿੱਲਾਂ ਨੂੰ ਰੱਦੀ ਦੀ ਟੋਕਰੀ ’ਚ ਪਾ ਕੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਦੇਣ। ਮਾਛੀਵਾੜਾ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਲੋਕ ਸਭਾ ਵਿਚ ਬੜੇ ਹੀ ਜ਼ੋਰ ਸ਼ੋਰ ਨਾਲ ਕਿਸਾਨ ਵਿਰੋਧੀ ਖੇਤੀ ਬਿੱਲ ਪਾਸ ਕੀਤੇ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਬਿੱਲ ਪਾਸ ਕਰ ਕੇ ਉਨ੍ਹਾਂ ਨੂੰ ਰੱਦੀ ਬਣਾ ਕੇ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਬਿੱਲ ਪਾਸ ਹੋ ਗਿਆ ਹੈ ਕਿ ਕੋਈ ਵੀ ਵਪਾਰੀ ਜੇਕਰ ਸਮਰਥਨ ਮੁੱਲ ਤੋਂ ਘੱਟ ਭਾਅ ’ਤੇ ਫਸਲ ਖਰੀਦੇਗਾ ਤਾਂ ਉਸ ਨੂੰ 3 ਸਾਲ ਦੀ ਸਜ਼ਾ ਹੋਵੇਗੀ ਤੇ ਜੇਕਰ ਹੁਣ ਕਿਸੇ ਨੇ ਘੱਟ ਰੇਟ ’ਤੇ ਫਸਲ ਖਰੀਦੀ ਤਾਂ ਉਨ੍ਹਾਂ ਨੂੰ ਅੱਤਵਾਦੀਆਂ ਤੇ ਗੈਂਗਸਟਰਾਂ ਦੇ ਨਾਲ ਨਾਭਾ ਜੇਲ੍ਹ ’ਚ ਡੱਕਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All