ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਸਤੰਬਰ
ਇੱਥੇ ਅੱਜ ਜਨਮ ਅਸ਼ਟਮੀ ਮੌਕੇ ਵੱਖ-ਵੱਖ ਥਾਵਾਂ ’ਤੇ ਸਮਾਗਮ ਹੋਏ ਜਿਨ੍ਹਾਂ ਵਿੱਚ ਸ਼ਰਧਾਲੂਆਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸ਼ਹਿਰ ਦੇ ਸਾਰੇ ਮੰਦਰਾਂ ਵਿੱਚ ਅੱਜ ਸਵੇਰ ਤੋਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋੋ ਗਈਆਂ। ਕਿਸੇ ਅਣਸਖਾਵੀਂ ਘਟਨਾ ਦੇ ਡਰ ਵਜੋਂ ਮੰਦਰਾਂ ਦੇ ਬਾਹਰ ਕਾਫ਼ੀ ਪੁਲੀਸ ਬਲ ਤਾਇਨਾਤ ਸੀ। ਕ੍ਰਿਸ਼ਨ ਚੇਤਨਾ ਅਤੇ ਭਲਾਈ ਟਰੱਸਟ ਵੱਲੋਂ ਕਲੱਬ ਆਫ ਓਮੈਕਸ ਰਾਇਲ ਰੈਜ਼ੀਡੈਂਸੀ ਵਿੱਚ ਜਨਮ ਅਸ਼ਟਮੀ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਇਸਕੋਨ ਦੇ ਸ਼ਰਧਾਲੂਆਂ ਵੱਲੋਂ ਮਹਾਂਮੰਤਰ ਸੰਕੀਰਤਨ ਕੀਤਾ ਗਿਆ। ਇਸ ਦੌਰਾਨ ਸੰਕੀਰਤਨ ਅਤੇ ਰਾਧੇ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਭਗਤੀ ਵਾਲਾ ਆਨੰਦਮਈ ਬਣ ਗਿਆ। ਇਸਕੋਨ ਦੇ ਸ਼ਰਧਾਲੂਆਂ ਨੇ ਸ਼੍ਰੀ ਕ੍ਰਿਸ਼ਨ ਦੇ ਜਨਮ ਅਤੇ ਬਚਪਨ ਦੇ ਮਨੋਰੰਜਨ ਦਾ ਵਰਣਨ ਕੀਤਾ। ਓਮੈਕਸ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਜਤਿਨ ਗੋਇਲ ਨੇ ਸਭ ਨੂੰ ਮੁਬਾਰਕਬਾਦ ਦਿੱਤੀ। ਸ਼ਹਿਰ ਦੇ ਮੰਦਰਾਂ ਵਿੱਚ ਰਾਤ ਤੱਕ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਿਹਾ।
ਰਾਏਕੋਟ (ਪੱਤਰ ਪ੍ਰੇਰਕ): ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਅੱਜ ਸ੍ਰੀ ਰਾਧੇ ਕ੍ਰਿਸ਼ਨਾ ਪ੍ਰਭਾਤ ਫੇਰੀ ਮੰਡਲ ਰਾਏਕੋਟ ਵੱਲੋਂ ਸ਼ਹਿਰ ਦੀਆਂ ਹੋਰ ਕਈ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਦੀ ਸ਼ੋਭਾ ਯਾਤਰਾ ਸਜਾਈ ਗਈ। ਇਸ ਦਾ ਆਗਾਜ਼ ਸ੍ਰੀ ਦੁਰਗਾ ਮਾਤਾ ਮੰਦਰ ਨੈਂਬਾਂ ਚੌਕ ਤੋਂ ਹੋਇਆ। ਜਿੱਥੇ ਵਿਨੋਦ ਖੁਰਮੀ ਦੇ ਪਰਿਵਾਰ ਵਲੋਂ ਪੂਜਾ ਅਰਚਨਾ ਕੀਤੀ ਗਈ ਅਤੇ ਸ਼ੋਭਾ ਯਾਤਰਾ ਦਾ ਉਦਘਾਟਨ ਸਮਾਜਸੇਵੀ ਰਜਿੰਦਰ ਸਿੰਘ ਕਾਕਾ ਪ੍ਰਧਾਨ ਵਲੋਂ ਕੀਤਾ ਗਿਆ। ਝੰਡਾ ਲਹਿਰਾਉਣ ਦੀ ਰਸਮ ਭੂਸ਼ਨ ਵਰਮਾ ਵੱਲੋਂ ਕੀਤੀ ਗਈ। ਸ਼ੋਭਾ ਯਾਤਰਾ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਦੀ ਮੂਰਤੀ ਨੂੰ ਫੁੱਲਾਂ ਨਾਲ ਸ਼ਿੰਗਾਰੀ ਡੋਲੀ ਵਿੱਚ ਸੁਸ਼ੋਭਿਤ ਕੀਤਾ ਹੋਇਆ ਸੀ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ -ਵੱਖ ਬਜ਼ਾਰਾਂ ਅਤੇ ਮੁਹੱਲਿਆਂ ਵਿੱਚ ਪੁੱਜੀ ਜਿਥੇ ਸ੍ਰੀ ਕ੍ਰਿਸ਼ਨ ਭਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਮਹਿਲਾ ਸ਼ਰਧਾਲੂਆਂ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਭੰਡਾਰੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ ਸ਼ੋਭਾ ਯਾਤਰਾ ਵਿੱਚ ਮੰਗਤ ਰਾਏ ਵਰਮਾ, ਨੰਦ ਕਿਸ਼ੋਰ ਸ਼ਰਮਾ, ਕਪਿਲ ਗਰਗ, ਪੰਕਜ ਜੇਠੀ, ਮਨੋਹਰ ਲਾਲ, ਰਾਜੀ ਵਰਮਾ, ਅਜੈ ਗਿੱਲ, ਅਸ਼ੋਕ ਕਨੌਜੀਆ, ਰਾਜਪਾਲ ਮਹੰਤ, ਕਮਲ ਸ਼ਰਮਾ, ਮਨੋਜ ਜੈਨ, ਸਲਿਲ ਜੈਨ, ਇੰਦਰਪਾਲ ਗੋਲਡੀ, ਧੀਰਜ ਸ਼ਰਮਾ, ਗੋਪਾਲ ਜੋਸ਼ੀ, ਸਾਬਕਾ ਕੌਂਸਲਰ ਵੀਨਾ ਜੈਨ ਸ਼ਾਮਲ ਸਨ।