ਸੀਵਰੇਜ ’ਚ ਗੋਹਾ ਸੁੱਟਣ ਵਾਲੇ ਡੇਅਰੀ ਮਾਲਕਾਂ ਖ਼ਿਲਾਫ਼ ਕੇਸ
ਨਿਯਮਾਂ ਦੀ ੳੁਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾੲੀ ਦੀ ਚਿਤਾਵਨੀ
ਨਗਰ ਨਿਗਮ ਨੇ ਸ਼ਹਿਰ ਵਿੱਚ ਸੀਵਰੇਜ ਅਤੇ ਈ ਟੀ ਪੀ ਲਾਈਨਾਂ ਵਿੱਚ ਅਣਅਧਿਕਾਰਤ ਤੌਰ ’ਤੇ ਗੋਹਾ ਅਤੇ ਕੂੜਾ-ਕਰਕਟ ਸੁੱਟਣ ਵਾਲੇ ਚਾਰ ਡੇਅਰੀ ਮਾਲਕਾਂ ਖ਼ਿਲਾਫ਼ ਸਖ਼ਤ ਰੁਖ਼ ਅਪਣਾ ਕੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਨਗਰ ਨਿਗਮ ਲੁਧਿਆਣਾ ਜ਼ੋਨ-ਡੀ ਦੇ ਸੰਚਾਲਕ ਅਤੇ ਰੱਖ-ਰਖਾਅ (ਓ ਐਂਡ ਐੱਮ) ਸੈੱਲ ਦੇ ਨੋਡਲ ਅਫਸਰ ਦੀ ਸਿਫ਼ਾਰਸ਼ ’ਤੇ ਥਾਣਾ ਪੀ ਏ ਯੂ ਦੀ ਪੁਲੀਸ ਨੇ ਵਾਤਾਵਰਨ ਨਿਯਮਾਂ ਦੀ ਉਲੰਘਣਾ ਕਰਨ ਅਤੇ ਈ ਟੀ ਪੀ (ਐਫਲੂਐਂਟ ਟ੍ਰੀਟਮੈਂਟ ਪਲਾਂਟ) ਲਾਈਨ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ ਚਾਰ ਡੇਅਰੀ ਮਾਲਕਾਂ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ।
ਇਸ ਸਬੰਧੀ ਨਗਰ ਨਿਗਮ ਜ਼ੋਨ-ਡੀ ਦੇ ਜੂਨੀਅਰ ਇੰਜੀਨੀਅਰ ਅਤੇ ਨੋਡਲ ਅਫਸਰ (ਓ ਐਂਡ ਐੱਮ ਸੈੱਲ) ਵੱਲੋਂ ਭੇਜੀ ਗਈ ਸ਼ਿਕਾਇਤ ਦੇ ਆਧਾਰ ’ਤੇ ਡੇਅਰੀ ਮਾਲਕ ਗੁਰਸੇਵਕ ਸਿੰਘ ਅਤੇ ਜੋਗਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜੋ ਨਿਯਮਾਂ ਦੀ ਅਣਦੇਖੀ ਕਰ ਕੇ ਆਪਣੀਆਂ ਡੇਅਰੀਆਂ ਵਿੱਚੋਂ ਗੋਹਾ ਸਿੱਧਾ ਈ ਟੀ ਪੀ ਲਾਈਨ ਵਿੱਚ ਸੁੱਟ ਰਹੇ ਸਨ। ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਡੇਅਰੀ ਮਾਲਕ ਮੁਖਤਿਆਰ ਸਿੰਘ ਅਤੇ ਪੱਪੂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਆਪਣੀ ਡੇਅਰੀ ਵਿੱਚੋਂ ਗੋਹਾ ਈ ਟੀ ਪੀ ਲਾਈਨ ਵਿੱਚ ਸੁੱਟਣ ਦਾ ਦੋਸ਼ ਹੈ।
ਅਧਿਕਾਰੀਆਂ ਨੇ ਕਿਹਾ ਹੈ ਕਿ ਡੇਅਰੀਆਂ ਤੋਂ ਗੋਹਾ ਸਿੱਧਾ ਸੀਵਰੇਜ ਜਾਂ ਈ ਟੀ ਪੀ ਲਾਈਨਾਂ ਵਿੱਚ ਸੁੱਟਣਾ ਪੂਰੀ ਤਰ੍ਹਾਂ ਵਰਜਿਤ ਹੈ ਕਿਉਂਕਿ ਇਸ ਨਾਲ ਸੀਵਰੇਜ ਸਿਸਟਮ ਪ੍ਰਭਾਵਿਤ ਹੁੰਦਾ ਹੈ ਅਤੇ ਪ੍ਰਦੂਸ਼ਣ ਫ਼ੈਲਦਾ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਸ਼ਹਿਰ ਵਿੱਚ ਪ੍ਰਦੂਸ਼ਣ ਫ਼ੈਲਾਉਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋਰ ਡੇਅਰੀ ਸੰਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

