ਸ਼ਹਿਰ ਦੇ ਭਦੌੜ ਹਾਊਸ ਇਲਾਕੇ ਵਿੱਚ ਮੰਗਲਵਾਰ ਸਵੇਰੇ ਖੜ੍ਹੀ ਇੱਕ ਸਵਿਫ਼ਟ ਕਾਰ ਵਿੱਚ ਅਚਾਨਕ ਅੱਗ ਲੱਗਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਕਾਰ ਇੱਕ ਸਥਾਨਕ ਕਰੌਕਰੀ ਵਪਾਰੀ ਦੀ ਹੈ। ਕਾਰੋਬਾਰੀ ਨੇ ਦੋਸ਼ ਲਾਇਆ ਕਿ ਸੀ ਸੀ ਟੀ ਵੀ ਕੈਮਰਿਆਂ ਦੀ ਰਿਕਾਰਡਿੰਗ ਵਿੱਚ ਇੱਕ ਸ਼ੱਕੀ ਵਿਅਕਤੀ ਦੀਆਂ ਹਰਕਤਾਂ ਕੈਦ ਹੋਈਆਂ ਹਨ, ਜਿਸ ਨਾਲ ਰੰਜ਼ਿਸ਼ ਤਹਿਤ ਅੱਗ ਲਾਏ ਜਾਣ ਦਾ ਖ਼ਦਸ਼ਾ ਜ਼ਾਹਿਰ ਹੁੰਦਾ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ, ਪਰ ਉਦੋਂ ਤੱਕ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ।
ਕਾਰ ਮਾਲਕ ਤਰੁਣ ਨੇ ਦੱਸਿਆ ਕਿ ਉਹ ਕਰੌਕਰੀ ਦਾ ਕਾਰੋਬਾਰ ਕਰਦਾ ਹੈ ਅਤੇ ਰੋਜ਼ਾਨਾ ਵਾਂਗ ਉਸ ਦੀ ਗੱਡੀ ਦੁਕਾਨ ਦੇ ਬਿਲਕੁਲ ਸਾਹਮਣੇ ਖੜ੍ਹੀ ਸੀ। ਸਵੇਰੇ ਤੜਕੇ ਸਵਾ ਚਾਰ ਵਜੇ ਕਿਸੇ ਨੇ ਫੋਨ ’ਤੇ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ।
ਮੌਕੇ ’ਤੇ ਪੁੱਜਣ ਮਗਰੋਂ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ, ਪਰ ਗੱਡੀ ਦਾ ਸਿਰਫ਼ ਢਾਂਚਾ ਹੀ ਬਚਿਆ। ਪੀੜਤ ਮੁਤਾਬਕ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕਰਨ ’ਤੇ ਇੱਕ ਨਕਾਬਪੋਸ਼ ਵਿਅਕਤੀ ਦੁਕਾਨ ਦੇ ਆਲੇ-ਦੁਆਲੇ ਘੁੰਮਦਾ ਦਿਖਾਈ ਦਿੱਤਾ ਹੈ, ਜੋ ਕੁਝ ਸਮੇਂ ਬਾਅਦ ਕੂੜਾ ਚੁੱਕ ਕੇ ਵਾਹਨ ਵੱਲ ਵਧਦਾ ਹੈ। ਉਸ ਦੇ ਹਟਦਿਆਂ ਹੀ ਗੱਡੀ ’ਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀ ਸੀ ਟੀ ਵੀ ਫੁਟੇਜ ਦੇ ਆਧਾਰ ’ਤੇ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ।

