ਬਲਾਕ ਸਮਿਤੀ ਚੋਣਾਂ ਲਈ ਉਮੀਦਵਾਰ ਐਲਾਨੇ
ਅਗਾਮੀ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਵੱਡੀ ਗਿਣਤੀ ਆਜ਼ਾਦ ਉਮੀਦਵਾਰ ਜਿਤਾ ਕੇ ਇਕ ਨਵਾਂ ਇਤਿਹਾਸ ਸਿਰਜਣਗੇ। ਇਥੇ ਆਪਣੇ ਦਫ਼ਤਰ ਵਿੱਚ ਰੱਖੇ ਇਕ ਇਕੱਠ ਦੌਰਾਨ ਉਨ੍ਹਾਂ ਬਲਾਕ ਸਮਿਤੀ ਮੁੱਲਾਂਪੁਰ ਤੋਂ ਗਿਆਨੀ ਸੁਰਿੰਦਰਪਾਲ ਸਿੰਘ ਦੇ ਸਿਰੋਪਾ ਪਾ ਕੇ ਉਮੀਦਵਾਰ ਐਲਾਨਿਆ। ਇਸ ਤਰ੍ਹਾਂ ਬਲਾਕ ਸਮਤੀ ਜ਼ੋਨ ਮਾਨ ਤੋਂ ਰਾਜਦੀਪ ਸਿੰਘ ਖ਼ਾਲਸਾ ਦੇ ਸਿਰੋਪਾ ਕੇ ਉਮੀਦਵਾਰ ਐਲਾਨ ਦਿੱਤਾ ਗਿਆ। ਵਿਧਾਇਕ ਇਆਲੀ ਨੇ ਕਿਹਾ ਕਿ ਉਨ੍ਹਾਂ ਦੋ ਦਰਜਨ ਉਮੀਦਵਾਰਾਂ ਦੀ ਚੋਣ ਕਰਕੇ ਐਲਾਨ ਕਰ ਦਿੱਤਾ ਹੈ। ਉਮੀਦਵਾਰਾਂ ਦੀ ਚੋਣ ਸਮੇਂ ਪੰਥਕ ਦਿੱਖ ਅਤੇ ਸਾਫ ਸੁਥਰੀ ਸਾਖ ਦਾ ਖ਼ਾਸ ਖਿਆਲ ਰੱਖਿਆ ਗਿਆ ਹੈ। ਹਲਕਾ ਦਾਖਾ ਅੰਦਰ ਜਿਵੇਂ ਪਹਿਲਾਂ ਉਨ੍ਹਾਂ ਕਈ ਵਾਰ ਚੋਣਾਂ ਦੌਰਾਨ ਹਵਾਵਾਂ ਦੇ ਉਲਟ ਜਾ ਕੇ ਇਤਿਹਾਸ ਰਚਿਆ, ਇਸ ਵਾਰ ਵੀ ਹਲਕੇ ਦੇ ਲੋਕਾਂ ਦੀ ਮਦਦ ਨਾਲ ਇਕ ਨਵਾਂ ਇਤਿਹਾਸ ਰਚਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਚੁਣੌਤੀ ਭਾਵੇਂ ਵੱਡੀ ਹੈ ਕਿਉਂਕਿ ਇਕ ਪਾਸੇ ਸੱਤਾਧਾਰੀ ਧਿਰ ਹੋਵੇਗੀ, ਦੂਜੇ ਪਾਸੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ। ਇਨ੍ਹਾਂ ਸਭ ਦੇ ਬਾਵਜੂਦ ਉਹ ਆਪਣੇ ਆਜ਼ਾਦ ਖੜ੍ਹਾਏ ਉਮੀਦਵਾਰ ਵੱਧ ਤੋਂ ਵੱਧ ਗਿਣਤੀ ਵਿੱਚ ਜਿਤਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਮੀਦਵਾਰਾਂ ਦੇ ਐਲਾਨ ਮੌਕੇ ਜਥੇਦਾਰ ਮੱਘਰ ਸਿੰਘ ਬਵੈਚ, ਰਣਜੀਤ ਸਿੰਘ, ਦਰਸ਼ਨ ਸਿੰਘ ਕੈਲਪੁਰ, ਨਿਰਮਲ ਸਿੰਘ ਸਾਬਕਾ ਸਰਪੰਚ, ਰਾਮ ਸਿੰਘ, ਬਲਦੇਵ ਸਿੰਘ, ਗੁਰਸੇਵਕ ਸਿੰਘ ਚੱਕ ਕਲਾਂ, ਹਰਦਿਆਲ ਸਿੰਘ, ਦਵਿੰਦਰ ਸਿੰਘ ਗਰਚਾ, ਅਵਤਾਰ ਸਿੰਘ, ਸ਼ਰਨਜੀਤ ਸਿੰਘ, ਤੇਜੀ ਮਾਨ ਮੁੱਲਾਂਪੁਰ, ਕਰਮਜੀਤ ਸਿੰਘ ਕਾਲਾ, ਭਾਗ ਸਿੰਘ, ਮਨੀ ਸ਼ਰਮਾ ਆਦਿ ਹਾਜ਼ਰ ਸਨ।
