Canal Incident: ਬਜ਼ੁਰਗ ਨੇ ਨਹਿਰ ’ਚ ਛਾਲ ਮਾਰੀ
ਫ਼ਿਰੋਜ਼ਪੁਰ ਰੋਡ ਸਥਿਤ ਵੇਰਕਾ ਮਿਲਕ ਪਲਾਂਟ ਨੇੜੇ ਵਗਦੀ ਨਹਿਰ ਵਿੱਚ ਅੱਜ ਸਵੇਰੇ ਬਜ਼ੁਰਗ ਔਰਤ ਨੇ ਅਚਾਨਕ ਛਾਲ ਮਾਰ ਦਿੱਤੀ। ਪਾਣੀ ਦੇ ਤੇਜ਼ ਵਹਾਅ ਵਿੱਚ ਔਰਤ ਨੂੰ ਡੁੱਬਦਾ ਦੇਖ ਕੇ ਨੇੜੇ ਖੜ੍ਹੇ ਲੋਕਾਂ ਨੇ ਰੌਲਾ ਪਾਇਆ ਤਾਂ ਇੱਕ ਨੌਜਵਾਨ ਨੇ ਤੁਰੰਤ...
ਫ਼ਿਰੋਜ਼ਪੁਰ ਰੋਡ ਸਥਿਤ ਵੇਰਕਾ ਮਿਲਕ ਪਲਾਂਟ ਨੇੜੇ ਵਗਦੀ ਨਹਿਰ ਵਿੱਚ ਅੱਜ ਸਵੇਰੇ ਬਜ਼ੁਰਗ ਔਰਤ ਨੇ ਅਚਾਨਕ ਛਾਲ ਮਾਰ ਦਿੱਤੀ। ਪਾਣੀ ਦੇ ਤੇਜ਼ ਵਹਾਅ ਵਿੱਚ ਔਰਤ ਨੂੰ ਡੁੱਬਦਾ ਦੇਖ ਕੇ ਨੇੜੇ ਖੜ੍ਹੇ ਲੋਕਾਂ ਨੇ ਰੌਲਾ ਪਾਇਆ ਤਾਂ ਇੱਕ ਨੌਜਵਾਨ ਨੇ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ। ਉਸ ਨੌਜਵਾਨ ਨੇ ਡੁੱਬ ਰਹੀ ਬਜ਼ੁਰਗ ਔਰਤ ਨੂੰ ਸੁਰੱਖਿਅਤ ਕਿਨਾਰੇ ਤੱਕ ਖਿੱਚ ਲਿਆਂਦਾ।
ਸੜਕ ’ਤੇ ਤਾਇਨਾਤ ਟਰੈਫਿਕ ਪੁਲੀਸ ਦੇ ਮੁਲਾਜ਼ਮਾਂ ਨੇ ਵੀ ਰੌਲਾ ਸੁਣਿਆ ਤਾਂ ਉਹ ਤੁਰੰਤ ਘਟਨਾ ਸਥਾਨ ਵੱਲ ਦੌੜੇ। ਇਸ ਦੇ ਨਾਲ ਹੀ ਥਾਣਾ ਸਰਾਭਾ ਨਗਰ ਦੇ ਅਧੀਨ ਆਉਂਦੀ ਰਘੂਨਾਥ ਇਨਕਲੇਵ ਦੀ ਪੁਲੀਸ ਚੌਕੀ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਚੌਕੀ ਇੰਚਾਰਜ ਸਣੇ ਪੁਲੀਸ ਫੋਰਸ ਮੌਕੇ ’ਤੇ ਪਹੁੰਚੇ। ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਬੇਸੁੱਧ ਹਾਲਤ ਵਿੱਚ ਬਜ਼ੁਰਗ ਔਰਤ ਨੂੰ ਸੰਭਾਲਿਆ ਅਤੇ ਸਰਕਾਰੀ ਗੱਡੀ ਰਾਹੀਂ ਨੇੜਲੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਦੀ ਦੇਖ-ਰੇਖ ਹੇਠ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰਘੂਨਾਥ ਇਨਕਲੇਵ ਪੁਲੀਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਮੁਢਲੀ ਜਾਂਚ ਤੋਂ ਲੱਗਦਾ ਹੈ ਕਿ ਮਾਮਲਾ ਘਰੇਲੂ ਕਲੇਸ਼ ਜਾਂ ਕਿਸੇ ਡੂੰਘੀ ਮਾਨਸਿਕ ਪ੍ਰੇਸ਼ਾਨੀ ਨਾਲ ਜੁੜਿਆ ਹੋ ਸਕਦਾ ਹੈ।

