ਸਮਾਜ ਸੇਵੀ ਪਰਮਜੀਤ ਕੌਰ ਗਿੱਲ, ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕਸਬਾ ਡੇਹਲੋਂ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਆਵਾਜਾਈ ਪੱਖੋਂ ਸੁਚਾਰੂ ਬਣਾਉਣ ਲਈ ਸੜਕਾਂ ਦੇ ਕਿਨਾਰਿਆਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਆਰੰਭੀ ਗਈ ਹੈ।
ਟੀਮ ਨੇ ਰੇਹੜੀਆਂ, ਖੋਖਿਆਂ, ਫੜ੍ਹੀ ਅਤੇ ਫੇਰੀ ਵਾਲਿਆਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਉਹ ਸਾਮਾਨ ਸੜਕਾਂ ’ਤੇ ਨਾ ਫੈਲਾਉਣ ਕਿਉਂਕਿ ਇਸ ਨਾਲ ਟਰੈਫਿਕ ਜਾਮ ਹੋਣ ਕਾਰਨ ਰਾਹਗੀਰਾਂ, ਸਕੂਲੀ ਬੱਚਿਆਂ ਅਤੇ ਐਮਰਜੈਂਸੀ ਵਾਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਮੁਹਿੰਮ ਕਸਬੇ ਦੇ ਵਿਕਾਸ ਅਤੇ ਲੋਕਾਂ ਦੀ ਸਹੂਲਤ ਲਈ ਹੈ।
ਹਾਲਾਂਕਿ ਇਸ ਮੁਹਿੰਮ ਦੀ ਜਿੱਥੇ ਆਮ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਉੱਥੇ ਹੀ ਕੁਝ ਦੁਕਾਨਦਾਰਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੋਕਾਂ ਦਾ ਦੋਸ਼ ਹੈ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਬਲਾਕ ਵਿਕਾਸ ਅਫ਼ਸਰ ਅਤੇ ਸਰਕਾਰੀ ਹਸਪਤਾਲ ਵਰਗੇ ਅਦਾਰਿਆਂ ਅੱਗੇ ਵੀ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ, ਪਰ ਪ੍ਰਸ਼ਾਸਨ ਦੀ ਚੁੱਪ ਕਾਰਨ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਸਾਬਕਾ ਸਰਪੰਚ ਨੇ ਸਪੱਸ਼ਟ ਕੀਤਾ ਕਿ ਪੰਚਾਇਤ ਦੀ ਮੀਟਿੰਗ ਉਪਰੰਤ ਇਸ ਗੰਭੀਰ ਮਸਲੇ ਦਾ ਜਲਦੀ ਹੀ ਢੁੱਕਵਾਂ ਹੱਲ ਕੱਢਿਆ ਜਾਵੇਗਾ।

