ਕੈਬਨਿਟ ਮੰਤਰੀ ਤੇ ਵਿਧਾਇਕ ਵੱਲੋਂ ਖੇਡ ਮੈਦਾਨਾਂ ਦਾ ਉਦਘਾਟਨ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਦੇ ਬੁਨਿਆਦੀ ਢਾਂਚੇ ’ਤੇ ਦਿੱਤਾ ਜਾ ਰਿਹੈ ਜ਼ੋਰ: ਸੌਂਦ
ਨੇੜਲੇ ਪਿੰਡ ਤੁਰਮਰੀ ਵਿੱਚ ਬੀਤੀ ਸ਼ਾਮ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ 13.30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਮਾਡਲ ਪਲੇਅਗਰਾਊਂਡ ਦਾ ਉਦਘਾਟਨ ਕਰ ਕੇ ਇਹ ਮੈਦਾਨ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਤੁਰਮਰੀ ਦਾ ਪਲੇਅ ਗਰਾਊਂਡ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਜਿਸ ਵਿੱਚ ਵਾਲੀਬਾਲ ਅਤੇ ਮੁੱਕੇਬਾਜ਼ੀ ਦੀਆਂ ਸਹੂਲਤਾਂ, ਇੱਕ ਵਾਕਿੰਗ ਟ੍ਰੈਕ, ਬੱਚਿਆਂ ਲਈ ਝੂਲੇ ਅਤੇ ਸਟਰੀਟ ਲਾਈਟਾਂ ਆਦਿ ਸ਼ਾਮਲ ਹਨ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਿੰਡ ਤੁਰਮਰੀ ਦੇ ਸ਼ਮਸ਼ਾਨਘਾਟ ਦੀ ਮੁਰੰਮਤ ਲਈ 3 ਲੱਖ ਰੁਪਏ ਦੀ ਗਰਾਂਟ ਵੀ ਜਾਰੀ ਕੀਤੀ। ਇਸ ਮੌਕੇ ਸ੍ਰੀ ਸੌਂਦ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਖੇਡ ਗਰਾਊਡ ਵਿੱਚ ਬੂਟਾ ਵੀ ਲਗਾਇਆ ਅਤੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੀ ਵੰਡੀਆਂ। ਸ੍ਰੀ ਸੌਂਦ ਨੇ ਪਿੰਡ ਤੁਰਮਰੀ ਦੇ ਕਾਰਗਲ ਸ਼ਹੀਦ ਹਰਜਿੰਦਰ ਸਿੰਘ ਰਾਜੀ ਦੇ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ, ਚੇਅਰਮੈਨ ਲਖਵੀਰ ਸਿੰਘ ਗਿੱਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾ. ਅਵਤਾਰ ਸਿੰਘ ਦੈਹੜੂ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਪ੍ਰਧਾਨ ਐਡਵੋਕੇਟ ਅਮਨਿੰਦਰ ਸਿੰਘ, ਸਰਪੰਚ ਪਰਮਜੀਤ ਕੌਰ ਤੁਰਮਰੀ ਆਦਿ ਮੌਜੂਦ ਸਨ।
ਇਸੇ ਦੌਰਾਨ ਨੇੜਲੇ ਪਿੰਡ ਅਲੂਣਾ ਤੋਲਾ ਵਿੱਚ 42 ਲੱਖ 59 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਆਧੁਨਿਕ ਸਹੂਲਤਾਂ ਵਾਲੇ ਖੇਡ ਮੈਦਾਨ ਦਾ ਉਦਘਾਟਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਬੀਤੀ ਸ਼ਾਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਖੇਡ ਮੈਦਾਨ ਦੇ ਨਾਲ-ਨਾਲ 35 ਬੱਚਿਆਂ ਨੂੰ ਖੇਡ ਕਿੱਟਾਂ, 15 ਲੱਖ ਰੁਪਏ ਦੀ ਲਾਗਤ ਨਾਲ ਬਾਜ਼ੀਗਰ ਬਰਾਦਰੀ ਦੀ ਧਰਮਸ਼ਾਲਾ, 10 ਲੱਖ ਰੁਪਏ ਸੜਕਾਂ ਦੇ ਬਰਮਾਂ ਤੇ ਇੰਟਰਲਾਕ ਟਾਇਲਾਂ ਲਗਾਉਣ ਲਈ, 3 ਲੱਖ ਰੁਪਏ ਦਾ ਚੈੱਕ ਐੱਸ ਸੀ ਧਰਮਸ਼ਾਲਾਂ ਲਈ ਪੰਚਾਇਤ ਨੂੰ ਦਿੱਤਾ ਗਿਆ। ਇਸ ਮੌਕੇ ਬੀ ਡੀ ਪੀ ਓ ਦੋਰਾਹਾ ਮੈਡਮ ਸੁਮਰਿਤਾ, ਸੈਕਟਰੀ ਕਮਲ ਭਾਰਤੀ, ਜੇ ਈ ਪਵਨਦੀਪ ਸਿੰਘ, ਸਰਪੰਚ ਰਮਨਦੀਪ ਕੌਰ ਚੀਮਾ, ਏ ਪੀ ਓ ਪ੍ਰਗਟ ਸਿੰਘ, ਕੋਚ ਗੁਰਪ੍ਰੀਤ ਸਿੰਘ ਮਲਹਾਂਸ, ਹਰਵਿੰਦਰ ਸਿੰਘ ਚੀਮਾ, ਗੁਰਵਿੰਦਰ ਸਿੰਘ ਖਾਲਸਾ, ਚਰਨਜੋਤ ਸਿੰਘ ਚੀਮਾ ਆਦਿ ਹਾਜ਼ਰ ਸਨ।
ਫਲੌਡ ਕਲਾਂ ’ਚ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ
ਅਹਿਮਦਗੜ੍ਹ (ਕੁਲਵਿੰਦਰ ਸਿੰਘ ਗਿੱਲ): ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਪਿੰਡ ਫਲੌਡ ਕਲਾਂ ਵਿੱਚ 21 ਲੱਖ 6 ਹਜ਼ਾਰ ਰੁਪਏ ਦੀ ਲਾਗਤ ਨਾਲ ਉਸਾਰੇ ਆਧੁਨਿਕ ਖੇਡ ਮੈਦਾਨ ਦਾ ਉਦਘਾਟਨ ਕੀਤਾ। ਉਨ੍ਹਾਂ ਇਹ ਮੈਦਾਨ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਗੱਜਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਕੁੱਲ 57 ਮਾਡਲ ਖੇਡ ਮੈਦਾਨ ਕਰੀਬ 16 ਕਰੋੜ 02 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚੋਂ 27 ਮੈਦਾਨ ਵਿਧਾਨ ਸਭਾ ਹਲਕਾ ਅਮਰਗੜ੍ਹ ਵਿੱਚ ਕਰੀਬ ਅੱਠ ਕਰੋੜ 78 ਲੱਖ ਰੁਪਏ ਦੀ ਲਾਗਤ ਨਾਲ ਅਤੇ ਬਾਕੀ 30 ਮੈਦਾਨ ਹਲਕਾ ਮਾਲੇਰਕੋਟਲਾ ਵਿੱਚ ਤਿਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸੂਬੇ ਵਿੱਚ ਖੇਡ ਢਾਂਚੇ ਨੂੰ ਮਜ਼ਬੂਤ ਕਰਕੇ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਵੱਡਾ ਕਦਮ ਹੈ।

