Bus Conductor Death: ਬੱਸ ਅਤੇ ਟਰਾਲੇ ਦੀ ਟੱਕਰ, ਕੰਡਕਟਰ ਦੀ ਮੌਤ
ਪੁਲੀਸ ਦੇ ਮੌਕੇ ’ਤੇ ਨਾ ਪਹੁੰਚਣ ੳੁੱਤੇ ਲੋਕਾਂ ਨੇ ਜਾਮ ਲਾਇਆ
ਇੱਥੇ ਅੱਜ ਤੜਕੇ ਕਰੀਬ ਸਾਢੇ ਪੰਜ ਵਜੇ ਦੋਰਾਹਾ ਨੇੜੇ ਜਰਨੈਲੀ ਸੜਕ ‘ਤੇ ਹਾਦਸੇ ਦੌਰਾਨ ਬੱਸ ਕੰਡਕਟਰ ਦੀ ਮੌਤ ਹੋ ਗਈ। ਪੀ ਆਰ ਟੀ ਸੀ ਦੀ ਬੱਸ ਨੰਬਰ ਪੀ ਬੀ 2 ਐੱਫ ਜੇ-7013 ਜਦੋਂ ਪਟਿਆਲਾ ਤੋਂ ਦੋਰਾਹੇ ਵੱਲ ਆ ਰਹੀ ਸੀ ਤਾਂ ਦੋਰਾਹਾ ਮੈਕਡੋਨਲਡ ਨੇੜੇ ਸਾਮਾਨ ਨਾਲ ਭਰਿਆ ਟਰਾਲਾ ਪੁਲ ਨੇੜੇ ਸਰਵਿਸ ਰੋਡ ਵੱਲ ਮੁੜਦਿਆਂ ਬੱਸ ਦੇ ਖੱਬੇ ਪਾਸੇ ਅਗਲੇ ਹਿੱਸੇ ਨਾਲ ਟਕਰਾ ਗਿਆ। ਬੱਸ ਦੀ ਅਗਲੀ ਸੀਟ ’ਤੇ ਬੈਠੇ ਕੰਡਕਟਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ (31) ਵਾਸੀ ਫਿਰੋਜ਼ਪੁਰ ਵਜੋਂ ਹੋਈ। ਬੱਸ ਵਿੱਚ ਬੈਠੀਆਂ ਸਵਾਰੀਆਂ ਦਾ ਬਚਾਅ ਹੋ ਗਿਆ। ਟਰਾਲਾ ਡਰਾਈਵਰ ਮੌਕੇ ਤੋਂ ਟਰਾਲਾ ਲੈ ਕੇ ਫ਼ਰਾਰ ਹੋ ਗਿਆ। ਘਟਨਾ ਉਪਰੰਤ ਦੋਰਾਹਾ ਪੁਲੀਸ ਵੱਲੋਂ ਲੰਬਾ ਸਮਾਂ ਘਟਨਾ ਸਥਾਨ ’ਤੇ ਨਾ ਪੁੱਜਣ ਕਾਰਨ ਰਾਹਗੀਰਾਂ ਅਤੇ ਪੀ ਆਰ ਟੀ ਸੀ ਮੁਲਾਜ਼ਮਾਂ ਨੇ ਜਰਨੈਲੀ ਸੜਕ ’ਤੇ ਧਰਨਾ ਲਾ ਦਿੱਤਾ। ਇਸ ਦੌਰਾਨ ਲੰਮਾ ਜਾਮ ਲੱਗਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਗਰੋਂ ਪੁਲੀਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਟਰਾਲਾ ਡਰਾਈਵਰ ਵਿਰੁੱਧ ਕਾਰਵਾਈ ਆਰੰਭ ਕੇ ਟਰਾਲਾ ਕਬਜ਼ੇ ਵਿੱਚ ਲੈ ਲਿਆ। ਕੰਡਕਟਰ ਦੀ ਲਾਸ਼ ਪੋਸਟਮਾਰਟਮ ਕਰਾਉਣ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਗਈ।

