ਬੁੱਢਾ ਦਰਿਆ: ਪੁਲ ਦੇ ਨਿਰਮਾਣ ਦੌਰਾਨ ਸੀਵਰੇਜ ਦੀ ਪਾਈਪ ਟੁੱਟੀ
ਕੰਢਿਆਂ ਤੋਂ ਮਿੱਟੀ ਖਿਸਕਣ ਕਾਰਨ ਇਮਾਰਤਾਂ ਨੂੰ ਨੁਕਸਾਨ ਪੁੱਜਣ ਦਾ ਖ਼ਦਸ਼ਾ
ਸਨਅਤੀ ਸ਼ਹਿਰ ਦੇ ਗਊਸ਼ਾਲਾ ਰੋਡ ਸਥਿਤ ਪੁਰਾਣੀ ਮਾਧੋਪੁਰੀ ਇਲਾਕੇ ਵਿੱਚ ਬੁੱਢੇ ਦਰਿਆ ’ਤੇ ਪੁਲ ਬਣਾਉਣ ਦਾ ਕੰਮ ਜਾਰੀ ਹੈ। ਇਥੇ ਦਰਿਆ ਦਾ ਵਹਾਅ ਬਦਲਣ ਲਈ ਨਿਗਮ ਨੇ ਠੇਕੇਦਾਰ ਨਾਲ ਮਿਲ ਕੇ ‘ਰਿਟੇਨਿੰਗ ਵਾਲ’ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ, ਜਿਸ ਦੀ ਪੁਟਾਈ ਦੌਰਾਨ ਸੀਵਰੇਜ ਦੀ ਵੱਡੀ ਪਾਈਪ ਟੁੱਟ ਗਈ ਹੈ ਜਿਸ ਕਾਰਨ ਕੰਢਿਆਂ ਤੋਂ ਮਿੱਟੀ ਖਿਸਕ ਰਹੀ ਹੈ। ‘ਰਿਟੇਨਿੰਗ ਵਾਲ’ ਬਣਾਉਣ ਲਈ ਜੋ ਮਿੱਟੀ ਪਾਣੀ ਦਾ ਵਹਾਅ ਰੋਕਣ ਲਈ ਲਾਈ ਸੀ, ਉਹ ਸਭ ਰੁੜ੍ਹ ਗਈ ਹੈ। ਮਿੱਟੀ ਖਿਸਕਣ ਕਾਰਨ ਬੁੱਢੇ ਦਰਿਆ ਨੇੜਲੀਆਂ ਇਮਾਰਤਾਂ ਨੂੰ ਨੁਕਸਾਨ ਪੁੱਜਣ ਦਾ ਖ਼ਦਸ਼ਾ ਹੈ। ਇਸ ਮਾਮਲੇ ’ਚ ਅੱਜ ਪੁਰਾਣੀ ਮਾਧੋਪੁਰੀ ਵਿੱਚ ਕਾਫ਼ੀ ਹੰਗਮਾ ਹੋਇਆ। ਇਸ ਦੌਰਾਨ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਤੇ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਪੁੱਜੇ, ਜਿਨ੍ਹਾਂ ਨੇ ਨਿਗਮ ਮੁਲਾਜ਼ਮਾਂ ਨਾਲ ਸ਼ਾਮ ਨੂੰ ਮੇਅਰ ਇੰਦਰਜੀਤ ਕੌਰ ਤੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨਾਲ ਮੀਟਿੰਗ ਕੀਤੀ। ਜ਼ਿਕਰਯੋਗ ਹੈ ਕਿ ਜੁਲਾਈ 2025 ਵਿੱਚ ਐੱਨ ਜੀ ਟੀ ਵੱਲੋਂ ਬੁੱਢੇ ਦਰਿਆ ਵਿੱਚ ਕਿਸੇ ਵੀ ਤਰੀਕੇ ਦੀ ਉਸਾਰੀ ਨਾ ਕਰਨ ਦੇ ਦਿੱਤੇ ਗਏ ਹੁਕਮਾਂ ਸਨ ਪਰ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਜਾ ਰਹੀ। ਫੈਕਟਰੀ ਮਾਲਕ ਵਿਪਿਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਬੁੱਢੇ ਦਰਿਆ ਤੋਂ ਕੁਝ ਦੂਰੀ ’ਤੇ ਹੀ ਸਥਿਤ ਹੈ, ਜਿਥੇ ਦਰਿਆ ’ਤੇ ਨਵਾਂ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਹੈ। ਨਗਰ ਨਿਗਮ ਦਾ ਠੇਕੇਦਾਰ ਰਿਟੇਨਿੰਗ ਵਾਲ ਬਣਾਉਣ ਲਈ ਜਦੋਂ ਪੁਟਾਈ ਕਰ ਰਿਹਾ ਸੀ ਤਾਂ ਹੇਠੋਂ ਸੀਵਰੇਜ ਦੀ ਵੱਡੀ ਪਾਈਪ ਟੁੱਟ ਗਈ ਜਿਸ ਤੋਂ ਬਾਅਦ ਲਗਾਤਰ ਮਿੱਟੀ ਖਿਸਕ ਰਹੀ ਹੈ ਜਿਸ ਕਾਰਨ ਇਮਾਰਤਾਂ ਨੁਕਸਾਨੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਹੀ ਦਿਨ ਤੋਂ ਕਹਿ ਰਹੇ ਹਨ ਪਰ ਕੋਈ ਮੌਕੇ ’ਤੇ ਆਉਣ ਲਈ ਤਿਆਰ ਨਹੀਂ ਹੈ।
ਸਾਬਕਾ ਵਿਧਾਇਕ ਸੁਰਿੰਦਰ ਡਾਵਰ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੇ ਇਸ ਮਸਲੇ ’ਤੇ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਦੇਰ ਸ਼ਾਮ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਦੇ ਨਾਲ ਮੀਟਿੰਗ ਕਰਕੇ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਢਣ ਲਈ ਕਿਹਾ ਗਿਆ। ਸਾਬਕਾ ਸੀਨੀਅਰ ਡਿਪਟੀ ਮੇਅਰ ਮਲਹੋਤਰਾ ਨੇ ਕਿਹਾ ਕਿ ਬੁੱਢੇ ਦਰਿਆ ’ਤੇ ਐੱਨਜੀਟੀ ਵੱਲੋਂ ਕਿਸੇ ਵੀ ਤਰੀਕੇ ਦੀ ਉਸਾਰੀ ਕਰਨ ਤੇ ਛੇੜਛਾੜ ਕਰਨ ਲਈ ਰੋਕ ਲਾਈ ਗਈ ਹੈ ਪਰ ਫਿਰ ਵੀ ਨਗਰ ਨਿਗਮ ਦੇ ਅਧਿਕਰ ਮੰਨਦੇ ਨਹੀਂ।

