BSP Protest in Ludhiana: ਬਸਪਾ ਵੱਲੋਂ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ
ਲੋਕਾਂ ਨੂੰ ਇਕਜੁੱਟ ਹੋ ਕੇ ਸਡ਼ਕਾਂ ’ਤੇ ਨਿੱਤਰਨ ਦਾ ਸੱਦਾ ਦਿੱਤਾ
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਅਗਵਾਈ ਹੇਠ ਨੇੜਲੇ ਪਿੰਡ ਗਾਲਿਬ ਕਲਾਂ ਵਿੱਚ ਲੋਕਾਂ ਨੇ ਅੱਜ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਨਾਅਰੇਬਾਜ਼ੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਕਾਰਪੋਰੇਟਾਂ ਤੇ ਵੱਡੇ ਵਪਾਰੀਆਂ ਪੱਖੀ ਫ਼ੈਸਲੇ ਲੈ ਰਹੀਆਂ ਹਨ; ਗ਼ਰੀਬਾਂ ਦੀ ਨਾ ਕੇਂਦਰ ਸਰਕਾਰ ਸਾਰ ਲੈ ਰਹੀ ਹੈ ਅਤੇ ਨਾ ਹੀ ਸੂਬਾ ਸਰਕਾਰ। ਉਨ੍ਹਾਂ ਕਿਹਾ ਕਿ ਲੱਕ-ਤੋੜਵੀਂ ਮਹਿੰਗਾਈ ਦੇ ਬਾਵਜੂਦ ਕੋਈ ਰਾਹਤ ਨਹੀਂ ਐਲਾਨੀ ਗਈ। ਉਨ੍ਹਾਂ ਕਿਹਾ ਕਿ ਵੱਡੇ ਕਾਰੋਬਾਰੀਆਂ ਦੇ ਕਰੋੜਾਂ ਅਰਬਾਂ ਦੇ ਕਰਜ਼ੇ ਮੁਆਫ਼ ਕਰ ਕੇ ਵੱਟੇ ਖਾਤੇ ਪਾਏ ਜਾ ਰਹੇ ਹਨ। ਦੂਜੇ ਪਾਸੇ ਜੇ ਇਹੋ ਮਾਮਲਾ ਆਮ ਕਿਸਾਨ ਜਾਂ ਮਜ਼ਦੂਰ ਪਰਿਵਾਰ ਦਾ ਹੋਵੇ ਤਾਂ ਜ਼ਮੀਨ, ਘਰ, ਟਰੈਕਟਰ ਸਭ ਕੁਝ ਜ਼ਬਤ ਕਰ ਲਿਆ ਜਾਂਦਾ ਹੈ ਅਤੇ ਕਾਨੂੰਨੀ ਕਾਰਵਾਈ ਵੱਖਰੀ ਕੀਤੀ ਜਾਂਦੀ ਹੈ। ਬਸਪਾ ਦੇ ਹਲਕਾ ਪ੍ਰਧਾਨ ਐਡਵੋਕੇਟ ਰਛਪਾਲ ਸਿੰਘ ਗਾਲਿਬ ਨੇ ਕਿਹਾ ਕਿ ਦੇਸ਼ ਅੰਦਰ ਦੋ ਕਿਸਮ ਦਾ ਕਾਨੂੰਨ ਚੱਲ ਰਿਹਾ ਹੈ। ਇਹੋ ਕਾਰਨ ਹੈ ਕਿ ਲੋਕਾਂ ਅੰਦਰ ਦਿਨੋਂ ਦਿਨ ਰੋਹ ਵਧਦਾ ਜਾ ਰਿਹਾ ਹੈ। ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਮੱਧਵਰਗੀ ਲੋਕਾਂ ਦਾ ਅੱਜ ਦੀ ਅਣਕਿਆਸੀ ਹੋਈ ਇਸ ਮਹਿੰਗਾਈ ਨੇ ਲੱਕ ਤੋੜ ਕੇ ਰੱਖ ਦਿੱਤਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਐਡਵੋਕੇਟ ਗਾਲਿਬ ਨੇ ਕਿਹਾ ਕਿ ਪੰਜਾਬ ਸਰਕਾਰ ਰੋਜ਼ਾਨਾ ਵੱਡੇ ਵੱਡੇ ਸਬਜ਼ ਦਿਖਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਜਦਕਿ ਜ਼ਮੀਨੀ ਹਕੀਕਤ ਉਲਟ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦਾ ਖ਼ਮਿਆਜ਼ਾ ਭੁਗਤਣ ਦੀ ਥਾਂ ਇਕਜੁੱਟ ਹੋ ਕੇ ਸੜਕਾਂ ’ਤੇ ਉੱਤਰਿਆ ਜਾਵੇ। ਇਸ ਮੌਕੇ ਲਛਮਣ ਸਿੰਘ, ਲਖਬੀਰ ਸਿੰਘ ਸੀਰਾ, ਅਮਰਜੀਤ ਸਿੰਘ ਭੱਟੀ, ਡਾ. ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

