ਗਗਨਦੀਪ ਅਰੋੜਾ
ਲੁਧਿਆਣਾ, 11 ਸਤੰਬਰ
ਨਗਰ ਸੁਧਾਰ ਟਰੱਸਟ ’ਚ ਜ਼ਮੀਨ ਨਿਲਾਮੀ ਦਾ ਮਾਮਲਾ ਹੁਣ ਜੰਗ ਦਾ ਅਖਾੜਾ ਬਣ ਚੁੱਕਿਆ ਹੈ। ਦੁਪਹਿਰ 12 ਵਜੇ ਤੱਕ ਵੱਡੀ ਗਿਣਤੀ ’ਚ ਯੂਥ ਕਾਂਗਰਸੀ ਮਹਿੰਗਾਈ ਦੇ ਮੁੱਦੇ ’ਤੇ ਭਾਜਪਾ ਨੂੰ ਘੇਰਨ ਲਈ ਘੰਟਾ ਘਰ ਚੌਕ ਕੋਲ ਇਕੱਠੇ ਹੋਏ, ਦੂਜੇ ਪਾਸੇ ਭਾਜਪਾ ਵਰਕਰ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਦੀ ਅਗਵਾਈ ’ਚ ਡਟ ਗਏ। ਦੋਵੇਂ ਪਾਸਿਉਂ ਇੱਕ ਦੂਸਰੇ ਖ਼ਿਲਾਫ਼ ਨਾਅਰੇਬਾਜ਼ੀ ਹੋਈ। ਯੂਥ ਕਾਂਗਰਸੀ, ਲਗਾਤਾਰ ਭਾਜਪਾ ਦਫ਼ਤਰ ਘੇਰਨ ਲਈ ਵਧਦੇ ਦਿਖੇ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਆਖਰਕਾਰ ਇੱਕ ਦੂਜੇ ’ਤੇ ਪੱਥਰ ਚੱਲਣੇ ਸ਼ੁਰੂ ਹੋ ਗਏ, ਪੁਲੀਸ ਨੇ ਹਲਕੇ ਲਾਠੀਚਾਰਜ ਦਾ ਸਹਾਰਾ ਲੈਂਦਿਆਂ ਸਥਿਤੀ ਕਾਬੂ ਹੇਠ ਕੀਤੀ। ਲਗਭਗ 2 ਘੰਟੇ ਬਾਅਦ ਯੂਥ ਕਾਂਗਰਸੀਆਂ ਨੂੰ ਸਮਝਾ ਕੇ ਉੱਥੋਂ ਹਟਾਇਆ ਗਿਆ। ਪਥਰਾਅ ’ਚ ਭਾਜਪਾ ਦੇ ਤਿੰਨ ਵਰਕਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ।
ਦਰਅਸਲ, ਪਿਛਲੇ ਕਈ ਦਿਨਾਂ ਤੋਂ ਨਗਰ ਸੁਧਾਰ ਟਰੱਸਟ ਵੱਲੋਂ 3.79 ਏਕੜ ਜ਼ਮੀਨ ਨੂੰ ਸਿਰਫ਼ 98.76 ਕਰੋੜ ਰੁਪਏ ’ਚ ਨੀਲਾਮ ਕਰਨ ਤੋਂ ਬਾਅਦ ਭਾਜਪਾ ਨੇ ਇਸ ਮੁੱਦੇ ਨੂੰ ਕਾਫ਼ੀ ਜ਼ੋਰ ਸ਼ੋਰ ਨਾਲ ਚੁੱਕਿਆ ਸੀ। ਇਸੇ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਭਾਜਪਾ ਨੇ ਟਰੱਸਟ ਦੇ ਦਫ਼ਤਰ ਨੂੰ ਤਾਲਾ ਵੀ ਲਾਇਆ ਸੀ। ਤਾਲਾ ਲੱਗਣ ਤੋਂ ਕੁਝ ਦੇਰ ਬਾਅਦ ਹੀ ਯੂਥ ਕਾਂਗਰਸੀ ਮੌਕੇ ’ਤੇ ਪੁੱਜ ਗਏ ਸਨ ਤੇ ਉਨ੍ਹਾਂ ਨੇ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਤਾਲਾ ਨਾ ਟੁੱਟਿਆ ਤਾਂ ਉਨ੍ਹਾਂ ਨੇ ਮੁੱਖ ਗੇਟ ਹੀ ਉਖਾੜ ਦਿੱਤਾ ਸੀ। ਸ਼ੁੱਕਰਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਮੈਦਾਨ ’ਚ ਨਿੱਤਰ ਆਇਆ ਸੀ। ਉਨ੍ਹਾਂ ਨੇ ਵੀ ਪੱਤਰਕਾਰ ਮਿਲਣੀ ਕਰ ਸਿੱਧਾ ਕਾਂਗਰਸ ’ਤੇ ਵਾਰ ਕੀਤਾ ਅਤੇ ਚੇਅਰਮੈਨ, ਮੰਤਰੀ ਸਮੇਤ ਕਈ ਅਧਿਕਾਰੀਆਂ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਸੀ। ਸ਼ੁੱਕਰਵਾਰ ਦੇਰ ਸ਼ਾਮ ਨੂੰ ਯੂਥ ਕਾਂਗਰਸ ਨੇ ਮਹਿੰਗਾਈ ਦੇ ਮੁੱਦੇ ’ਤੇ ਭਾਜਪਾ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਪੁਲੀਸ ਨੇ ਭਾਜਪਾ ਦਫ਼ਤਰ ਦੇ ਬਾਹਰ ਬੈਰੀਕੇਡਿੰਗ ਕੀਤੀ ਸੀ ਤਾਂ ਕਿ ਕੋਈ ਉਸ ਪਾਸੇ ਨਾ ਜਾ ਸਕੇ।
ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਯੂਥ ਕਾਂਗਰਸੀ ਸ਼ਰਾਬ ਪਿਆ ਕੇ ਕੁਝ ਗੁੰਡਿਆਂ ਨੂੰ ਲਿਆਏ ਸਨ, ਸਭ ਤੋਂ ਪਹਿਲਾਂ ਉਨ੍ਹਾਂ ਨੇ ਸਾਡੇ ਦਫ਼ਤਰ ਵੱਲ ਜੁੱਤੀ ਸੁੱਟੀ, ਫਿਰ ਟਮਾਟਰ ਸੁੱਟੇ ਗਏ। ਭਾਜਪਾ ਨੇ ਵੀ ਉਸੇ ਤਰ੍ਹਾਂ ਜਵਾਬ ਦਿੱਤਾ। ਇਸ ਤੋਂ ਬਾਅਦ ਯੂਥ ਕਾਂਗਰਸ ਨਾਲ ਆਏ ਕੁਝ ਗੁੰਡਿਆਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇੱਥੇ ਸਾਰੇ ਪਾਸੇ ਕੈਮਰੇ ਲੱਗੇ ਹੋਏ ਹਨ, ਪੁਲੀਸ ਮਾਮਲੇ ਦੀ ਜਾਂਚ ਕਰ ਸਕਦੀ ਹੈ। ਇਸ ਲਈ ਭਾਜਪਾ ਮੰਗ ਕਰਦੀ ਹੈ ਕਿ ਅਜਿਹੇ ਲੋਕਾਂ ਦੇ ਖਿਲਾਫ਼ ਕੇਸ ਦਰਜ ਕੀਤਾ ਜਾਵੇ। ਪੱਥਰਬਾਜ਼ੀ ’ਚ ਤਿੰਨ ਭਾਜਪਾ ਵਰਕਰ ਵੀ ਜ਼ਖਮੀ ਹੋਏ ਹਨ, ਇਨ੍ਹਾਂ ’ਚੋਂ ਦੋ ਨੂੰ ਡੀਐੱਮਸੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਉਧਰ, ਯੂਥ ਕਾਂਗਰਸ ਦੇ ਪ੍ਰਧਾਨ ਯੋਗੇਸ਼ ਹਾਂਡਾ ਨੇ ਦੋਸ਼ ਲਗਾਏ ਕਿ ਉਹ ਸ਼ਾਂਤ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸਨ, ਪਰ ਭਾਜਪਾ ਨੇ ਪਹਿਲਾਂ ਤੋਂ ਹੀ ਯੋਜਨਾ ਕਰ ਕੇ ਦਫ਼ਤਰ ਅੰਦਰ ਕਾਫ਼ੀ ਗਿਣਤੀ ਵਿੱਚ ਬੰਦੇ ਬੁਲਾਏ ਹੋਏ ਸਨ। ਜਦੋਂ ਉਹ ਪ੍ਰਦਰਸ਼ਨ ਕਰਨ ਲੱਗੇ ਤਾਂ ਉਥੋਂ ਪੱਥਰਬਾਜ਼ੀ ਸ਼ੁਰੂ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਈ ਵਰਕਰ ਫੱਟੜ ਹੋਏ ਹਨ।

ਅਸ਼ਵਨੀ ਸ਼ਰਮਾ ਨੇ ਪੁੱਛਿਆ ਜ਼ਖ਼ਮੀਆਂ ਦਾ ਹਾਲ
ਯੂਥ ਕਾਂਗਰਸ ਵੱਲੋਂ ਭਾਜਪਾ ਦਫ਼ਤਰ ਦੇ ਘਿਰਾਓ ਦੌਰਾਨ ਕੀਤੀ ਗਈ ਪੱਥਰਬਾਜ਼ੀ ਦੌਰਾਨ ਯੂਥ ਮੋਰਚਾ ਦੇ ਜ਼ਿਲ੍ਹਾ ਸਕੱਤਰ ਨਵੀਨ ਸੈਣੀ ਦੀ ਅੱਖ ’ਤੇ ਸੱਟ ਲੱਗੀ ਜਿਨ੍ਹਾਂ ਨੂੰ ਇਲਾਜ ਲਈ ਡੀਐੱਮਸੀ ਹਸਪਤਾਲ ਭਰਤੀ ਕਰਵਾਇਆ ਗਿਆ। ਜ਼ਿਲ੍ਹਾ ਜਨਰਲ ਸਕੱਤਰ ਕਾਂਤੇਦੂ ਸ਼ਰਮਾ ਤੇ ਮੰਡਲ ਪ੍ਰਧਾਨ ਯਸ਼ਪਾਲ ਵੀ ਜ਼ਖ਼ਮੀ ਹੋ ਗਏ। ਬਾਅਦ ਦੁਪਹਿਰ ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਜ਼ਖਮੀਆਂ ਦਾ ਹਾਲ ਚਾਲ ਜਾਣਨ ਲਈ ਲੁਧਿਆਣਾ ਪੁੱਜੇ। ਅਸ਼ਵਨੀ ਸ਼ਰਮਾ ਨੇ ਸਾਫ਼ ਕਿਹਾ ਕਿ ਪ੍ਰਦਰਸ਼ਨ ਕਰਨਾ ਹਰ ਕਿਸੇ ਦਾ ਹੱਕ ਹੈ, ਪਰ ਇਸ ਤਰ੍ਹਾਂ ਹਮਲਾ ਕਰਨਾ ਕਿਸੇ ਵੀ ਕੀਮਤ ’ਤੇ ਬਰਦਾਸ਼ਤਯੋਗ ਨਹੀਂ ਹੈ। ਭਾਜਪਾ ਨੇ ਹੁਣ ਤੱਕ ਮੁਲਜ਼ਮਾਂ ਖ਼ਿਲਾਫ਼ ਪੁਲੀਸ ਵੱਲੋਂ ਕੇਸ ਦਰਜ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਯੂਥ ਕਾਂਗਰਸੀਆਂ ਖਿਲਾਫ਼ ਕੇਸ ਦਰਜ ਨਾ ਹੋਇਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।