ਬਿਜਲੀ ਸੋਧ ਬਿੱਲ ਖ਼ਿਲਾਫ਼ ਕੇਂਦਰ ਸਰਕਾਰ ਦੇ ਪੁਤਲੇ ਫੂਕੇ : The Tribune India

ਬਿਜਲੀ ਸੋਧ ਬਿੱਲ ਖ਼ਿਲਾਫ਼ ਕੇਂਦਰ ਸਰਕਾਰ ਦੇ ਪੁਤਲੇ ਫੂਕੇ

ਬਿਜਲੀ ਸੋਧ ਬਿੱਲ ਖ਼ਿਲਾਫ਼ ਕੇਂਦਰ ਸਰਕਾਰ ਦੇ ਪੁਤਲੇ ਫੂਕੇ

ਖੰਨਾ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਦੇ ਹੋਏ ਕਿਸਾਨ ਆਗੂ।

ਜੋਗਿੰਦਰ ਸਿੰਘ ਓਬਰਾਏ

ਖੰਨਾ, 17 ਅਗਸਤ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨ-ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਨੇ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਲਲਹੇੜੀ ਚੌਕ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਤੋਂ ਕਿਸਾਨ ਧਰਨਾ ਚੁਕਵਾਉਣ ਲਈ ਜੋ ਵਾਅਦੇ ਕੀਤੇ ਸੀ, ਉਹ ਹੁਣ ਤੱਕ ਪੂਰੇ ਨਹੀਂ ਕੀਤੇ। ਇਸ ਤੋਂ ਇਲਾਵਾ ਬਿਜਲੀ ਬਿੱਲ-2020 ਰੱਦ ਕਰਨ ਦਾ ਫ਼ੈਸਲਾ ਅਜੇ ਤਕ ਨਹੀਂ ਕੀਤਾ ਗਿਆ। ਇਸ ਦਾ ਵਿਰੋਧ ਕਰਦਿਆਂ ਅੱਜ ਕੇਂਦਰ ਸਰਕਾਰ ਸਣੇ ਗ੍ਰਹਿ ਮੰਤਰੀ ਤੇ ਖੇਤੀਬਾੜੀ ਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 22 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਵੱਡੀ ਗਿਣਤੀ ਵਿਚ ਕਿਸਾਨਾਂ ਤੇ ਆਮ ਲੋਕਾਂ ਨੂੰ ਦਿੱਲੀ ਧਰਨੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਇਸ ਮੌਕੇ ਦਲਜੀਤ ਸਿੰਘ, ਰਛਪਾਲ ਸਿੰਘ, ਅਵਤਾਰ ਸਿੰਘ, ਸੁੱਖੀ ਰਤਨਪਾਲੋਂ, ਹਰੀ ਸਿੰਘ, ਨਿਰਮਲ ਸਿੰਘ ਬੈਨੀਪਾਲ, ਦਵਿੰਦਰ ਸਿੰਘ, ਗੁਰਮੇਲ ਸਿੰਘ, ਮਨਦੀਪ ਸਿੰਘ, ਹਰਜੀਤ ਸਿੰਘ, ਬਲਜਿੰਦਰ ਸਿੰਘ, ਜਤਿੰਦਰ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਸਮਰਾਲਾ (ਡੀਪੀਐੱਸ ਬੱਤਰਾ): ਐੱਸਡੀਐੱਮ ਦਫ਼ਤਰ ਸਮਰਾਲਾ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਲਾਕ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਪੁਤਲਾ ਅਤੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ।

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਬੱਗਾ ਅਤੇ ਕਿਸਾਨ ਆਗੂ ਗੁਰਦੀਪ ਸਿੰਘ ਬਰਮਾ ਨੇ ਆਖਿਆ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਨਿੱਤ ਨਵੀਆਂ ਸਾਜਿਸ਼ਾਂ ਘੜ ਰਹੀ ਹੈ। ਇਸੇ ਤਹਿਤ ਹੀ ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨਾਲ ਵਿਸ਼ਵਾਸਘਾਤ ਕਰਦੇ ਹੋਏ ਫਿਰ ਤੋਂ ਬਿਜਲੀ ਬਿੱਲ 2022 ਲੋਕ ਸਭਾ ਵਿੱਚ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਦੇ ਖ਼ਾਤਮੇ ਮੌਕੇ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਕਰਵਾਉਣ ਸਣੇ ਹੋਰ ਮੰਗਾਂ ਲਈ 22 ਅਗਸਤ ਨੂੰ ਦਿੱਲੀ ਵਿੱਚ ਕੀਤੇ ਜਾਣ ਵਾਲੇ ‘ਕਿਸਾਨ ਰੋਸ ਮਾਰਚ’ ਵਿੱਚ ਸ਼ਮੂਲੀਅਤ ਕੀਤੀ ਜਾਵੇ।

ਇਸ ਰੋਸ ਧਰਨੇ ਮੌਕੇ ਮਲਕੀਤ ਸਿੰਘ ਘੁਲਾਲ, ਸੁਖਜੀਤ ਸਿੰਘ, ਕੁਲਵੰਤ ਸਿੰਘ ਖੱਟਰਾ, ਜੋਰਾ ਸਿੰਘ, ਟਹਿਲ ਸਿੰਘ ਬਿਜਲੀਪੁਰ, ਤਜਿੰਦਰ ਸਿੰਘ, ਮਲਕੀਤ ਸਿੰਘ, ਜਗਦੀਪ ਸਿੰਘ, ਹਰਵਿੰਦਰ ਸਿੰਘ, ਮਨਜੀਤ ਸਿੰਘ, ਜਗਰੂਪ ਸਿੰਘ ਗਹਿਲੇਵਾਲ, ਕੁਲਦੀਪ ਸਿੰਘ ਸੇਖੋਂ, ਬਲਰਾਜ ਸਿੰਘ, ਬਲਜਿੰਦਰ ਸਿੰਘ ਮੱਲਮਾਜਰਾ ਅਤੇ ਸੁਖਚੈਨ ਸਿੰਘ ਛੰਦੜਾ ਆਦਿ ਹਾਜ਼ਰ ਸਨ।

ਕਿਸਾਨ ਜਥੇਬੰਦੀਆਂ ਵੱਲੋਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ

ਲੁਧਿਆਣਾ (ਗੁਰਿੰਦਰ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਥੇਬੰਦੀਆਂ ਨੇ ਅਗਨੀਪਥ ਯੋਜਨਾ ਰੱਦ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਭੇਜਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਰਘਵੀਰ ਸਿੰਘ ਬੈਨੀਪਾਲ, ਕੁੱਲ ਹਿੰਦ ਕਿਸਾਨ ਸਭਾ ਦੇ ਚਮਕੌਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਮਹਿੰਦਰ ਸਿੰਘ ਕਮਾਲਪੁਰਾ, ਬੀਕੇਯੂ ਲੱਖੋਵਾਲ ਦੇ ਅਵਤਾਰ ਸਿੰਘ ਮੇਹਲੋਂ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਰੂਪਬਸੰਤ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਹਰਨੇਕ ਸਿੰਘ ਗੁੱਜਰਵਾਲ ਅਤੇ ਐਕਸ ਸਰਵਿਸਮੈਨ ਦੇ ਸੂਬੇਦਾਰ ਦੇਵੀ ਦਿਆਲ ਸ਼ਾਮਿਲ ਸਨ। ਉਨ੍ਹਾਂ ਮੰਗ ਪੱਤਰ ਸੌਂਪਦਿਆ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਵਧ ਰਹੀ ਹੈ। ਸਰਕਾਰ ਵੱਲੋਂ ਲਿਆਂਦੀ ਅਗਨੀਪਥ ਯੋਜਨਾ ਨਾਲ ਫ਼ੌਜ ਵਿੱਚ ਪੱਕਾ ਰੁਜ਼ਗਾਰ ਖ਼ਤਮ ਹੋ ਜਾਵੇਗਾ। ਫ਼ੌਜ ਨੂੰ ਨਿੱਜੀ ਕੰਪਨੀਆਂ ਰਾਹੀਂ ਚਲਾਉਣ ਦਾ ਰਾਸਤਾ ਖੁੱਲ੍ਹ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਯੋਜਨਾ ਨੂੰ ਰੱਦ ਕਰ ਕੇ ਪਹਿਲਾ ਦੀ ਤਰ੍ਹਾਂ ਫ਼ੌਜ ਭਰਤੀ ਕੀਤੀ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਮੰਗ ਪੱਤਰ ਰਾਸ਼ਟਰਪਤੀ ਨੂੰ ਭੇਜਣ ਦਾ ਭਰੋਸਾ ਦਿੱਤਾ। ਆਗੂਆਂ ਨੇ ਵੱਖਰੇ ਤੌਰ ’ਤੇ ਲੰਪੀ ਸਕਿਨ ਦੀ ਰੋਕਥਾਮ ਲਈ ਵਿਸ਼ੇਸ਼ ਟੀਮਾਂ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ ਹੰਬੜਾ, ਜਸਵੀਰ ਸਿੰਘ ਝੱਜ, ਸਤਨਾਮ ਸਿੰਘ ਵੜੈਚ ਆਦਿ ਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All