BLO Protest Punjab: ਪ੍ਰਸ਼ਾਸਨਿਕ ਦਬਾਅ ਖ਼ਿਲਾਫ਼ ਬੀ ਐੱਲ ਓ ਸੜਕਾਂ ’ਤੇ ਨਿੱਤਰੇ
ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਸਰਕਾਰ ਦੀ ਅਰਥੀ ਫੂਕੀ; ਐਕਸਗ੍ਰੇਸ਼ੀਆ ਗਰਾਂਟ ਨਾਲ ਦੋ-ਦੋ ਕਰੋੜ ਦਾ ਮੁਆਵਜ਼ਾ ਮੰਗਿਆ
ਬੂਥ ਲੈਵਲ ਅਫਸਰ (ਬੀ ਐੱਲ ਓ) ਪ੍ਰਸ਼ਾਸਨ ’ਤੇ ਬੇਲੋੜੇ ਕੰਮ ਦਾ ਬੋਝ ਪਾਉਣ ਅਤੇ ਕੰਮ ਕਾਰਨ ਪੈਦਾ ਹੋ ਰਹੇ ਕਾਫ਼ੀ ਮਾਨਸਿਕ ਤਣਾਅ ਦਾ ਦੋਸ਼ ਲਾਉਂਦਿਆਂ ਅੱਜ ਪੰਜਾਬ ਸਰਕਾਰ ਵਿਰੁੱਧ ਸੜਕਾਂ ’ਤੇ ਉਤਰ ਆਏ। ਮੁੱਲਾਂਪੁਰ ਦੇ ਮੁੱਖ ਚੌਕ ਵਿੱਚ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਇਕੱਠੇ ਹੋਏ ਵੱਡੀ ਗਿਣਤੀ ਬੀ ਐੱਲ ਓਜ਼ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਫੂਕਿਆ। ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ’ਤੇ ਬੇਲੋੜਾ ਦਬਾਅ ਪਾਉਣ ਦੀ ਨੀਤੀ ਤੁਰੰਤ ਬੰਦ ਕੀਤੀ ਜਾਵੇ।
ਡੈਮੋਕਰੈਟਿਕ ਟੀਚਰਜ਼ ਫਰੰਟ (ਡੀ ਟੀ ਐੱਫ) ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਜੱਥੇਬੰਦਕ ਆਗੂਆਂ ਹਰਦੇਵ ਸਿੰਘ ਮੁੱਲਾਂਪੁਰ, ਬਲਵੀਰ ਸਿੰਘ ਬਾਸੀਆਂ, ਹਰਜੀਤ ਸਿੰਘ ਸੁਧਾਰ, ਜਗਦੀਪ ਸਿੰਘ ਜੌਨੀ, ਗੁਰਪ੍ਰੀਤ ਸਿੰਘ ਬਾਸੀਆਂ ਅਤੇ ਅਵਤਾਰ ਸਿੰਘ ਖਾਲਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਤਹਿਤ ਬੀ ਐੱਲ ਓਜ਼ ਦੀਆਂ ਡਿਊਟੀਆਂ 25 ਜੂਨ ਤੋਂ 25 ਜੁਲਾਈ ਤੱਕ ਲਾਈਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕੋਲੋਂ ਡਰੱਗ ਜਨਗਣਨਾ ਦਾ ਕੰਮ ਵੀ ਕਰਵਾਇਆ ਜਾ ਰਹੀ ਹੈ, ਜਿਸ ਵਿੱਚ ਵੱਡੀ ਗਿਣਤੀ ਅਧਿਆਪਕ ਸ਼ਾਮਲ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨਿਕ ਅਧਿਕਾਰੀ ਬੀ ਐੱਲ ਓਜ਼ ’ਤੇ ਬੇਲੋੜਾ ਦਬਾਅ ਪਾ ਕੇ ਇਹ ਕੰਮ ਮਿਥੇ ਸਮੇਂ ਤੋਂ ਪਹਿਲਾਂ ਮੁਕੰਮਲ ਕਰਵਾਉਣ ਲਈ ਨਿੱਤ ਨਵੇਂ ਹੁਕਮ ਚਾੜ੍ਹ ਰਹੇ ਹਨ, ਜਿਸ ਕਾਰਨ ਮੁਲਾਜ਼ਮ ਅਤਿ ਦੀ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸੇ ਮਾਨਸਿਕ ਤਣਾਅ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਬੀ ਐੱਲ ਓ ਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ, ਜਦਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੂੰਦੜੀ ਦੇ ਇੱਕ ਅਧਿਆਪਕ, ਜੋ ਕਿ ਸ਼ੇਖਕੁਤਬ ਵਿੱਚ ਬੀ ਐੱਲ ਓ ਵਜੋਂ ਸੇਵਾ ਨਿਭਾਅ ਰਿਹਾ ਸੀ, ਸਾਰੀ ਰਾਤ ਕੰਮ ਕਰਨ ਮਗਰੋਂ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਨ੍ਹਾਂ ਘਟਨਾਵਾਂ ਲਈ ਜਥੇਬੰਦੀਆਂ ਨੇ ਪ੍ਰਸ਼ਾਸਨਿਕ ਵਤੀਰੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਦੇ ਦਿਨਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਡਿਊਟੀ ਦੌਰਾਨ ਜਾਨਾਂ ਗੁਆ ਚੁੱਕੇ ਬੀ ਐੱਲ ਓ ਦੇ ਪਰਿਵਾਰਾਂ ਨੂੰ ਐਕਸਗ੍ਰੇਸ਼ੀਆ ਗ੍ਰਾਂਟ ਦੇ ਨਾਲ ਦੋ-ਦੋ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੰਮ ਦਾ ਦਬਾਅ ਬਣਾਉਣ ਵਾਲੇ ਅਧਿਕਾਰੀਆਂ ’ਤੇ ਨੱਥ ਪਾਈ ਜਾਵੇ। ਇਸ ਮੌਕੇ ਲੋਕ ਕਲਾ ਮੰਚ ਤੋਂ ਹਰਕੇਸ਼ ਚੌਧਰੀ, ਜਸਪਾਲ ਸਿੰਘ ਭੱਠਾਧੂਹਾ, ਬੇਅੰਤ ਸਿੰਘ ਸਵੱਦੀ, ਬਲਦੇਵ ਸਿੰਘ ਸ਼ੇਖੂਪੁਰਾ, ਗੁਰਵਿੰਦਰ ਸਿੰਘ ਤਲਵੰਡੀ, ਲੈਕਚਰਾਰ ਕਰਮਜੀਤ ਸਿੰਘ ਪੰਡੋਰੀ, ਲੈਕਚਰਾਰ ਰੂਪ ਸਿੰਘ ਦਾਖਾ, ਹਰਮਨਦੀਪ ਸਿੰਘ ਬਾਸੀਆਂ, ਬਲੌਰ ਸਿੰਘ ਮੁੱਲਾਂਪੁਰ, ਜਤਿੰਦਰ ਸਿੰਘ, ਜਗਤਾਰ ਸਿੰਘ, ਵਰਿੰਦਰ ਸਿੰਘ, ਬਲਜਿੰਦਰ ਸਿੰਘ ਪੁੜੈਣ, ਗੁਰਜਾਪ ਸਿੰਘ, ਜਗਦੀਪ ਸਿੰਘ ਧਾਲੀਵਾਲ ਅਤੇ ਗੁਰਮੀਤ ਸਿੰਘ ਧਨੋਆ ਹਾਜ਼ਰ ਸਨ।
