ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਹਲਕਾ ਦੱਖਣੀ ਵਿੱਚ ਲੱਗੇ ਲੜੀਵਾਰ ਖੂਨਦਾਨ ਕੈਂਪਾਂ ਦੀ ਸਮਾਪਤੀ ਗੁਰਦੁਆਰਾ ਰੇਰੂ ਸਾਹਿਬ ਪਿੰਡ ਲੁਹਾਰਾ ਵਿੱਚ ਹੋਈ, ਜਿਸ ਵਿੱਚ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਸਿਜਦਾ ਕਰਦਿਆਂ ਖ਼ੂਨਦਾਨ ਕੀਤਾ। ਇਸ ਦੌਰਾਨ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸੰਜੈ ਤਲਵਾੜ ਉਚੇਚੇ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਰਾਹੀਂ ਇਕੱਠਾ ਕੀਤਾ ਖ਼ੂਨ ਲੋੜਵੰਦਾਂ ਦੇ ਕੰਮ ਆਵੇਗਾ। ਉਨ੍ਹਾਂ ਕਿਹਾ ਕਿ ਖ਼ੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਅਤੇ ਖ਼ੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਕਿਉਂਕਿ ਖ਼ੂਨ ਦੀ ਇੱਕ ਇੱਕ ਬੂੰਦ ਕੀਮਤੀ ਹੈ ਜੋ ਕਿਸੇ ਵੀ ਮਰਦੇ ਹੋਏ ਵਿਅਕਤੀ ਨੂੰ ਜੀਵਨਦਾਨ ਦੇ ਸਕਦੀ ਹੈ।
ਪ੍ਰਧਾਨ ਸੰਜੈ ਤਲਵਾੜ ਨੇ ਕਿਹਾ ਕਿ ਖ਼ੂਨਦਾਨ ਮਹਾ ਦਾਨ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਛੱਡ ਕੇ ਖ਼ੂਨਦਾਨ ਕਰਨਾ ਚਾਹੀਦਾ ਹੈ, ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਸਿਮਰਜੀਤ ਬੈਂਸ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਹ ਨੇਕ ਉਪਰਾਲਾ ਕੀਤਾ ਹੈ। ਇਸ ਮੌਕੇ ਬਲਦੇਵ ਸਿੰਘ ਪ੍ਰਧਾਨ, ਕੌਂਸਲਰ ਸਤਨਾਮ ਸਿੰਘ, ਹਰਵਿੰਦਰ ਸਿੰਘ ਕਲੇਰ, ਮੀਡੀਆ ਐਡਵਾਈਜ਼ਰ ਪ੍ਰਦੀਪ ਸਿੰਘ ਬੰਟੀ, ਐਡਵੋਕੇਟ ਗੁਰਜੋਧ ਸਿੰਘ ਗਿੱਲ, ਲਖਬੀਰ ਸਿੰਘ ਸੰਧੂ, ਅਰਜਨ ਸਿੰਘ ਚੀਮਾ, ਸਵਰਨਦੀਪ ਸਿੰਘ ਚਾਹਲ, ਸੁਖਦੇਵ ਸਿੰਘ ਸੀਰਾ, ਬਲਾਕ ਪ੍ਰਧਾਨ ਬਲਜੀਤ ਸਿੰਘ, ਗੁਰਦੀਪ ਸਿੰਘ ਸਾਗਰ, ਕੁਲਵਿੰਦਰ ਸਿੰਘ, ਨਰਿੰਦਰ ਕੌਰ, ਸੰਦੀਪ ਕੌਰ, ਹਰਜੀਤ ਕੌਰ, ਚਰਨਜੀਤ ਕੌਰ ਅਤੇ ਮੋਹਨ ਸਿੰਘ ਨੰਬਰਦਾਰ ਆਦਿ ਵੀ ਮੌਜੂਦ ਸਨ।

