ਪੁਲੀਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਸ਼ਹਿਰਾਂ ਤੇ ਪਿੰਡਾਂ ਦੀਆਂ ਸੜਕਾਂ ’ਤੇ ਆਏ ਦਿਨ ਮੋਟਰ ਵਹੀਕਲ ਐਕਟ ਦੀਆਂ ਧੱਜੀਆਂ ਉਡਾਉਂਦਿਆਂ ਵਾਹਨ ਚਾਲਕ ਟਰੈਫਿਕ ਪੁਲੀਸ ਨੂੰ ਮਖੌਲ ਕਰਦੇ ਜਾਪਦੇ ਹਨ। ਸ਼ਹਿਰ ਦੀਆਂ ਸੜਕਾਂ ’ਤੇ ਅਕਸਰ ਹੀ ਖੜ੍ਹੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਕਾਰਨ ਹਰ ਸਮੇਂ ਜਾਮ ਲੱਗਿਆ ਰਹਿੰਦਾ ਹੈ ਜਿਸ ਕਾਰਨ ਸਿਵਲ ਹਸਪਤਾਲ ਖੰਨਾ ਵਿੱਚ ਐਮਰਜੈਂਸੀ ਸੇਵਾਵਾਂ ਮੌਕੇ ਮੁਸ਼ਕਲ ਆਉਂਦੀ ਹੈ ਅਤੇ ਕਈ ਵਾਰ ਤਾਂ ਦੁਰਘਟਨਾਵਾਂ ਦੇ ਸ਼ਿਕਾਰ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਦੇਰੀ ਹੋ ਜਾਂਦੀ ਹੈ। ਟਰੈਫਿਕ ਪੁਲੀਸ ਇਨ੍ਹਾਂ ਸੜਕਾਂ ਕਿਨਾਰੇ ਖੜ੍ਹੇ ਵਾਹਨ ਚਾਲਕਾਂ ’ਤੇ ਕਾਰਵਾਈ ਨਾਮਾਤਰ ਕਰਦੀ ਜਾਪਦੀ ਹੈ। ਸਮਾਜ ਸੇਵੀ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਕਿਹਾ ਕਿ ਟਰੈਫਿਕ ਪੁਲੀਸ ਦੀ ਢਿੱਲੀ ਕਾਰਜਸ਼ੈਲੀ ਕਾਰਨ ਜਿੱਥੇ ਵੱਡੇ ਹਾਦਸਿਆਂ ਦੇ ਗ੍ਰਾਫ ਵਿੱਚ ਵਾਧਾ ਹੋ ਰਿਹਾ ਹੈ, ਉੱਥੇ ਦੂਜੇ ਪਾਸੇ ਖੁੱਲ੍ਹੇਆਮ ਵਾਹਨ ਚਾਲਕ ਮੋਟਰ ਵਹੀਕਲ ਐਕਟ ਦੀਆਂ ਧੱਜੀਆਂ ਉਡਾਉਂਦਿਆਂ ਹੱਦੋਂ ਵੱਧ ਸਵਾਰੀਆਂ ਬਿਠਾ ਕੇ ਓਵਰਲੋਡ ਵਾਹਨ ਚਲਾਉਂਦੇ ਹਨ, ਬਿਨਾਂ ਕਾਗਜ਼ਾਤ, ਬਿਨਾਂ ਹਾਈ ਸਕਿਉਰਿਟੀ ਨੰਬਰ ਪਲੇਟਾਂ, ਬਿਨਾਂ ਡਰਾਈਵਿੰਗ ਲਾਇਸੈਂਸ ਸੜਕਾਂ ’ਤੇ ਵਾਹਨਾਂ ਸਮੇਤ ਨਜ਼ਰ ਆਉਂਦੇ ਹਨ ਜਦਕਿ ਟਰੈਫਿਕ ਪੁਲੀਸ ਵੱਲੋਂ ਇਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਖੰਨਾ ਸ਼ਹਿਰ ਦੀਆਂ ਸੜਕਾਂ ਕਿਨਾਰੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਕਾਰਨ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਐੱਸ ਐੱਸ ਪੀ ਡਾ. ਦਰਪਣ ਆਹਲੂਵਾਲੀਆ ਤੋਂ ਮੰਗ ਕੀਤੀ ਕਿ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਨ ਵਾਲੇ ਲੋਕਾਂ ਖ਼ਿਲਾਫ਼ ਅਤੇ ਸੜਕਾਂ ’ਤੇ ਵਾਹਨ ਖੜ੍ਹਾਉਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਟਰੈਫਿਕ ਇੰਚਾਰਜ ਕੁਲਜੀਤ ਸਿੰਘ ਨੇ ਕਿਹਾ ਕਿ ਟਰੈਫਿਕ ਪੁਲੀਸ ਕਰਮਚਾਰੀ ਸਾਰਾ ਦਿਨ ਸੜਕਾਂ ’ਤੇ ਰਹਿੰਦੇ ਆਵਾਜਾਈ ਨੂੰ ਸੁਚਾਰੂ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਹਿਰ ਵਿੱਚ ਟਰੈਫਿਕ ਜਾਮ ਦੀ ਸਮੱਸਿਆ ਗੁਰੂ ਅਮਰਦਾਸ ਮਾਰਕੀਟ ਵਿੱਚ ਪਾਰਕਿੰਗ ਦੇ ਮੁੱਦਿਆਂ ਕਾਰਨ ਪੈਦਾ ਹੁੰਦੀ ਹੈ। ਪੁਲੀਸ ਰੋਜ਼ਾਨਾ ਗਲਤ ਪਾਰਕਿੰਗ ਲਈ ਲਗਭਗ 100 ਚਲਾਨ ਜਾਰੀ ਕਰ ਰਹੀ ਹੈ।

