ਨਾਇਬ ਸੈਣੀ ਦੇ ਦੌਰੇ ਲਈ ਭਾਜਪਾ ਵਰਕਰਾਂ ’ਚ ਉਤਸ਼ਾਹ
ਗੁਰੂ ਘਰ ਨਤਮਸਤਕ ਹੋਣ ਉਪਰੰਤ ਪਾਰਟੀ ਦਫ਼ਤਰ ਵੀ ਵਰਕਰਾਂ ਨੂੰ ਮਿਲਣਗੇ ਮੁੱਖ ਮੰਤਰੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਭਲਕੇ 11 ਜਨਵਰੀ ਨੂੰ ਮਾਛੀਵਾੜਾ ਸਾਹਿਬ ਵਿੱਚ ਪੁੱਜ ਰਹੇ ਹਨ ਜਿਨ੍ਹਾਂ ਦੇ ਸਵਾਗਤ ਲਈ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਜ਼ਿਲ੍ਹਾ ਉਪ ਪ੍ਰਧਾਨ ਸੰਜੀਵ ਲੀਹਲ ਅਤੇ ਮਾਛੀਵਾੜਾ ਮੰਡਲ ਦੇ ਪ੍ਰਧਾਨ ਸੁਖਵਿੰਦਰ ਲਾਲ ਸੁੱਖੀ ਸ਼ਰਮਾ ਨੇ ਆਖਿਆ ਕਿ ਉਨ੍ਹਾਂ ਦੇ ਸਵਾਗਤ ਲਈ ਸ਼ਹਿਰ ਨੂੰ ਪਾਰਟੀ ਦੇ ਝੰਡਿਆਂ ਤੇ ਲੜੀਆਂ ਨਾਲ ਸਜਾ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਸਵੇਰੇ 11 ਵਜੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਣਗੇ ਜਿੱਥੇ ਉਹ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ’ਤੇ ਸੀਸ ਨਿਵਾ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਉਪਰੰਤ ਉਹ ਸਮਰਾਲਾ ਰੋਡ ’ਤੇ ਸਥਿਤ ਪਾਰਟੀ ਦਫ਼ਤਰ ਵਿਖੇ ਪੁੱਜਣਗੇ ਜਿੱਥੇ ਉਹ ਵਰਕਰਾਂ ਨਾਲ ਮਿਲਣਗੇ। ਇਸ ਤੋਂ ਬਾਅਦ ਸਮਰਾਲਾ ਵਿੱਚ ਭਾਜਪਾ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਿਹਾ ਕਿ ਲੋਕ ਹੁਣ ਕੇਂਦਰ ਦੇ ਨਾਲ-ਨਾਲ ਪੰਜਾਬ ਵਿੱਚ ਵੀ ਭਾਜਪਾ ਸਰਕਾਰ ਬਣਾਉਣ ਲਈ ਉਤਾਵਲੇ ਹਨ।

