Punjab ਵਿੱਚ ਵੀ BJP ਦੀ ਸਰਕਾਰ ਬਣੇਗੀ: ਸੰਧੂ
ਭਾਜਪਾ ਦਾ 47ਵਾਂ ਸਥਾਪਨਾ ਦਿਵਸ ਮਨਾਇਆ; ਰਾਜ ਸਭਾ ਮੈਂਬਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਭਾਜਪਾ ਸ਼ਹਿਰੀ ਇਕਾਈ ਵੱਲੋਂ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਮੌਕੇ ਦੁੱਗਰੀ ਸਥਿਤ ਜ਼ਿਲ੍ਹਾ ਦਫ਼ਤਰ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਮੈਂਬਰ ਰਾਜ ਸਭਾ ਸਤਨਾਮ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ 47 ਸਾਲਾਂ ਦੌਰਾਨ ਦੇਸ਼ ਦੀ ਜਨਤਾ ਨੇ ਭਾਜਪਾ ਨੂੰ ਬੇਮਿਸਾਲ ਸਮਰਥਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕੇਵਲ 2 ਲੋਕ ਸਭਾ ਮੈਂਬਰਾਂ ਤੋਂ ਆਪਣੇ ਸਫ਼ਰ ਦਾ ਮੁੱਢ ਬੰਨ੍ਹਣ ਵਾਲੀ ਭਾਰਤੀ ਜਨਤਾ ਪਾਰਟੀ ਅੱਜ 303 ਮੈਂਬਰਾਂ ਦੇ ਅੰਕੜੇ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਵੀ ਪਾਰਟੀ ਨੂੰ ਲੋਕਾਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੂਬੇ ਅੰਦਰ ਭਾਜਪਾ ਦੀ ਸਰਕਾਰ ਬਣਨੀ ਤੈਅ ਹੈ।
ਸਮਾਗਮ ਦੌਰਾਨ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕਰਨ ਵਾਲੇ ਸੀਨੀਅਰ ਆਗੂਆਂ ਪ੍ਰਾਣ ਭਾਟੀਆ, ਜਗਦੀਸ਼ ਸ਼ਰਮਾ, ਵਿਨੋਦ ਕਾਲੀਆ, ਕਮਲ ਗੋਸਾਈਂ, ਵੇਦ ਬਹਿਲ, ਬਿਹਾਰੀ ਲਾਲ ਸਿੰਗਲਾ, ਇੰਦਰਜੀਤ ਵਰਮਾ, ਜਸਵੰਤ ਸਾਲਦੀ, ਰਾਧੇ ਸ਼ਾਮ ਖੱਤਰੀ, ਪਿਊਸ਼ ਕਾਂਤ ਜੈਨ, ਅਸ਼ੋਕ ਲੂੰਬਾ, ਤਰਨਜੀਤ ਸਿੰਘ, ਬਲਦੇਵ ਪਿਟਕ ਅਤੇ ਤਰਸੇਮ ਲਾਲ ਜੈਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਦੇਵ ਸ਼ਰਮਾ ਦੇਬੀ, ਜੀਵਨ ਗੁਪਤਾ, ਕੰਵਰਵੀਰ ਸਿੰਘ ਟੋਹੜਾ, ਦਿਨੇਸ਼ ਹਰਪਾਲ, ਸੁਭਾਸ਼ ਡਾਬਰ, ਡਾ. ਕਨਿਕਾ ਜਿੰਦਲ, ਵਿਪਨ ਸੂਦ ਕਾਕਾ, ਡਾ. ਸਤੀਸ਼ ਕੁਮਾਰ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਸੀਨੂੰ ਚੁੱਘ ਸਮੇਤ ਕਈ ਹੋਰ ਪ੍ਰਮੁੱਖ ਆਗੂ ਵੀ ਮੌਜੂਦ ਸਨ।

