BJP: ਭਾਜਪਾ ਵਫ਼ਦ ਨੇ ਮੇਅਰ ਨੂੰ ਮੰਗ ਪੱਤਰ ਦਿੱਤਾ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦੀ ਅਗਵਾਈ ਹੇਠ ਭਾਜਪਾ ਕੌਂਸਲਰਾਂ ਦੇ ਵਫ਼ਦ ਨੇ ਮੇਅਰ ਇੰਦਰਜੀਤ ਕੌਰ ਨਾਲ ਮੁਲਾਕਾਤ ਕਰ ਕੇ ਸਾਲਿਡ ਵੇਸਟ ਪ੍ਰਬੰਧਨ ਸਬੰਧੀ ਮੰਗ ਪੱਤਰ ਸੌਂਪ ਕੇ ਸਫ਼ਾਈ ਮੁਲਾਜ਼ਮਾਂ ਦੀ ਨੌਕਰੀ ਸੁਰੱਖਿਆ ਮੰਗੀ। ਇਸ ਮੌਕੇ ਭਾਜਪਾ ਆਗੂਆਂ ਨੇ...
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦੀ ਅਗਵਾਈ ਹੇਠ ਭਾਜਪਾ ਕੌਂਸਲਰਾਂ ਦੇ ਵਫ਼ਦ ਨੇ ਮੇਅਰ ਇੰਦਰਜੀਤ ਕੌਰ ਨਾਲ ਮੁਲਾਕਾਤ ਕਰ ਕੇ ਸਾਲਿਡ ਵੇਸਟ ਪ੍ਰਬੰਧਨ ਸਬੰਧੀ ਮੰਗ ਪੱਤਰ ਸੌਂਪ ਕੇ ਸਫ਼ਾਈ ਮੁਲਾਜ਼ਮਾਂ ਦੀ ਨੌਕਰੀ ਸੁਰੱਖਿਆ ਮੰਗੀ। ਇਸ ਮੌਕੇ ਭਾਜਪਾ ਆਗੂਆਂ ਨੇ ਤਜਵੀਜਸ਼ੁਦਾ ਨਵੀਂ ਕੰਪਨੀ ਨੂੰ ਸਾਲਿਡ ਵੇਸਟ ਦਾ ਠੇਕਾ ਦੇਣ ਸਬੰਧੀ ਚਿੰਤਾ ਪ੍ਰਗਟ ਕਰਦਿਆਂ ਸਫ਼ਾਈ ਵਿਵਸਥਾ ਅਤੇ ਸਫ਼ਾਈ ਮੁਲਾਜ਼ਮਾਂ ਦੇ ਰੁਜ਼ਗਾਰ ਦੀ ਸੁਰੱਖਿਆ ਸਬੰਧੀ ਆਪਣੀਆਂ ਮੰਗਾਂ ਰੱਖੀਆਂ।
ਇਸ ਮੌਕੇ ਪ੍ਰਧਾਨ ਸੁਨੀਲ ਮੌਦਗਿਲ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਸੁਧਾਰਨਾ ਨਗਰ ਨਿਗਮ ਦੀ ਮੁੱਢਲੀ ਜ਼ਿੰਮੇਵਾਰੀ ਹੈ। ਸਾਲਿਡ ਵੇਸਟ ਮੈਨੇਜਮੈਂਟ ਨਾਲ ਸਬੰਧਤ ਕਿਸੇ ਵੀ ਫ਼ੈਸਲੇ ਵਿੱਚ ਸ਼ਹਿਰ ਦੀ ਸਫ਼ਾਈ, ਆਮ ਲੋਕਾਂ ਦੇ ਹਿੱਤਾਂ ਅਤੇ ਸਫ਼ਾਈ ਮੁਲਾਜ਼ਮਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।
ਭਾਜਪਾ ਕੌਂਸਲਰਾਂ ਨੇ ਕਿਹਾ ਕਿ ਸਾਲਿਡ ਵੇਸਟ ਦਾ ਠੇਕਾ ਕਰੀਬ 1408 ਕਰੋੜ ਰੁਪਏ ਵਿੱਚ ਨਵੀਂ ਕੰਪਨੀ ਨੂੰ ਦੇਣ ਦੀ ਗੱਲ ਚੱਲ ਰਹੀ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਜੇ ਇਹ ਠੇਕਾ ਕਿਸੇ ਨਵੀਂ ਕੰਪਨੀ ਨੂੰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਆਮ ਸਫ਼ਾਈ ਮੁਲਾਜ਼ਮਾਂ ਦਾ ਰੁਜ਼ਗਾਰ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸਫ਼ਾਈ ਮੁਲਾਜ਼ਮਾਂ ਦੇ ਰੁਜ਼ਗਾਰ ਅਤੇ ਹਿੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਵਫ਼ਦ ਨੇ ਇਹ ਵੀ ਮੰਗ ਰੱਖੀ ਕਿ ਸਾਲਿਡ ਵੇਸਟ ਮੈਨੇਜਮੈਂਟ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਕਾਇਮ ਰੱਖੀ ਜਾਵੇ। ਇਸ ਮੌਕੇ ਭਾਜਪਾ ਕੌਂਸਲਰ ਪੂਨਮ ਰਾਤਰਾ, ਰੋਹਿਤ ਸਿੱਕਾ, ਸੁਮਨ ਵਰਮਾ, ਰੁਚੀ ਗੁਲਾਟੀ, ਪੱਲਵੀ ਵਿਪਨ ਵਿਨਾਇਕ, ਸੁਨੀਤਾ ਸ਼ਰਮਾ, ਭਵਨੀਤ ਕੌਰ, ਹੈਪੀ ਸ਼ੇਰਪੁਰੀਆ, ਮੁਕੇਸ਼ ਖੱਤਰੀ ਅਤੇ ਹੋਰ ਆਗੂ ਹਾਜ਼ਰ ਸਨ।

