ਗਗਨਦੀਪ ਅਰੋੜਾ
ਲੁਧਿਆਣਾ, 16 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਮੌਕੇ ਗੁਰੂ ਨਾਨਕ ਸਟੇਡੀਅਮ ਵਿੱਚ ਕੌਮੀ ਝੰਡਾ ਚੜ੍ਹਾ ਕੇ ਪਰੇਡ ਤੋਂ ਸਲਾਮੀ ਲਈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਅਜਿਹਾ ‘ਰੰਗਲਾ ਪੰਜਾਬ’ ਬਣਾਏਗੀ, ਜਿਥੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਫਿਰਕੂਪੁਣੇ ਅਤੇ ਹੋਰ ਸਮਾਜਿਕ ਪੱਖਪਾਤ ਵਰਗੀਆਂ ਬੁਰਾਈਆਂ ਲਈ ਥਾਂ ਨਹੀਂ ਹੋਵੇਗੀ। ਅਜਿਹੇ ਪੰਜਾਬ ਵਿਚ ਨੌਜਵਾਨ ਪੰਜਾਬ ਛੱਡ ਕੇ ਕੈਨੇਡਾ ਤੇ ਅਮਰੀਕਾ ਨਹੀਂ ਜਾਣਗੇ। ਇੱਥੇ ਆਜ਼ਾਦੀ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਦੌਰਾਨ ਗੁਰੂ ਨਾਨਕ ਸਟੇਡੀਅਮ ਵਿਚਤ ਕੌਮੀ ਝੰਡਾ ਚੜ੍ਹਾਉਣ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਜਿਕ ਬੁਰਾਈਆਂ ਸੂਬੇ ਦੀ ਤਰੱਕੀ ਤੇ ਲੋਕਾਂ ਦੀ ਖ਼ੁਸ਼ਹਾਲੀ ਵਿੱਚ ਰੁਕਾਵਟ ਹਨ ਜਿਨ੍ਹਾਂ ਨੂੰ ਸਾਂਝੇ ਯਤਨਾਂ ਨਾਲ ਜੜ੍ਹੋਂ ਪੁੱਟਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ ਲਈ ਸੂਬੇ ਵਿੱਚ ਸਿੱਖਿਆ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ। ਸੂਬਾ ਸਰਕਾਰ ਵਲੋਂ ਸਰਕਾਰੀ ਸਕੂਲਾਂ ਨੂੰ ‘ਸਕੂਲ ਆਫ ਐਮੀਨੈਂਸ’ ਵਿੱਚ ਤਬਦੀਲ ਕੀਤਾ ਜਾਵੇਗਾ ਤੇ ਆਉਣ ਵਾਲੇ ਪੰਜ ਸਾਲਾਂ ਦੌਰਾਨ ਸੂਬੇ ਵਿੱਚ 16 ਨਵੇਂ ਮੈਡੀਕਲ ਕਾਲਜ ਬਣਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸਮਾਜ ਦੇ ਸਾਰੇ ਵਰਗਾਂ ਨੂੰ ਹਰੇਕ ਬਿੱਲ ਉਤੇ 600 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਉਣ ਲਈ ਇੱਕ ਵੱਡੀ ਪਹਿਲਕਦਮੀ ਕੀਤੀ ਗਈ ਹੈ। ਸੂਬਾ ਸਰਕਾਰ ਮੱਤੇਵਾੜਾ ਵਿਚ ਟੈਕਸਟਾਈਲ ਪਾਰਕ ਬਣਨ ਦੀ ਇਜਾਜ਼ਤ ਨਹੀਂ ਦੇਵੇਗੀ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਪ੍ਰਾਜੈਕਟ ਲਈ ਬਦਲਵੀਂ ਜ਼ਮੀਨ ਦੀ ਪੇਸ਼ਕਸ਼ ਪਹਿਲਾਂ ਹੀ ਕਰ ਦਿੱਤੀ ਹੈ। ਪੰਜਾਬ ਸਰਕਾਰ ਸੂਬੇ ਦੇ ਵਾਤਾਵਰਨ ਦੀ ਸੰਭਾਲ ਲਈ ਵਚਨਬੱਧ ਹੈ। ਇਸ ਮੌਕੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਅਤੇ ਪੁਲੀਸ ਮੁਖੀ ਗੌਰਵ ਯਾਦਵ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਰੇਡ ਦਾ ਨਿਰੀਖਣ ਕੀਤਾ। ਉਨ੍ਹਾਂ ਪੰਜਾਬ ਪੁਲੀਸ, ਪੰਜਾਬ ਹੋਮ ਗਾਰਡਜ਼, ਪੰਜਾਬ ਆਰਮਡ ਪੁਲੀਸ, ਐਨ.ਸੀ.ਸੀ. (ਲੜਕੀਆਂ ਤੇ ਲੜਕੇ), ਭਾਰਤ ਸਕਾਊਟਸ ਅਤੇ ਗਾਈਡਜ਼ ਤੋਂ ਇਲਾਵਾ ਪੰਜਾਬ ਪੁਲੀਸ ਦੇ ਬਰਾਸ ਬੈਂਡ ਅਤੇ ਸਕੂਲੀ ਬੈਂਡ ਦੀਆਂ 11 ਟੁਕੜੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਵਿਦਿਆਰਥੀਆਂ ਨੇ ਭੰਗੜਾ, ਗਿੱਧਾ, ਗਰੁੱਪ ਡਾਂਸ, ਪੀ.ਟੀ. ਸ਼ੋਅ ਅਤੇ ਸਮੂਹ ਗਾਇਨ ਸਮੇਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨਿਤ ਵੀ ਕੀਤਾ। ਇਸ ਮੌਕੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਰਾਜਿੰਦਰ ਪਾਲ ਕੌਰ ਛੀਨਾ, ਦਲਜੀਤ ਸਿੰਘ ਗਰੇਵਾਲ, ਮਦਨ ਲਾਲ ਬੱਗਾ, ਗੁਰਪ੍ਰੀਤ ਬੱਸੀ ਗੋਗੀ, ਜੀਵਨ ਸਿੰਘ ਸੰਗੋਵਾਲ, ਅਸ਼ੋਕ ਪਰਾਸ਼ਰ ਪੱਪੀ, ਕੁਲਵੰਤ ਸਿੰਘ ਸਿੱਧੂ, ਹਰਦੀਪ ਸਿੰਘ ਮੁੰਡੀਆਂ, ਜਗਤਾਰ ਸਿੰਘ ਦਿਆਲਪੁਰਾ, ਮਨਵਿੰਦਰ ਸਿੰਘ ਗਿਆਸਪੁਰਾ ਤੇ ਹਾਕਮ ਸਿੰਘ ਮੌਜੂਦ ਸਨ।
ਸੂਬੇ ਵਿੱਚ 75 ਆਮ ਆਦਮੀ ਕਲੀਨਿਕਾਂ ਦਾ ਆਗਾਜ਼
ਲੁਧਿਆਣਾ: ਆਜ਼ਾਦੀ ਦਿਹਾੜੇ ਦੇ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕਰਦਿਆਂ ਸੂਬੇ ਵਿੱਚ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ। ਉਨ੍ਹਾਂ ਚਾਂਦ ਸਿਨੇਮਾ ਨੇੜੇ ਸੂਬੇ ਦੇ ਪਹਿਲੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਵੱਡੇ ਪਿੰਡਾਂ ਵਿਚ ਅਜਿਹੇ ਦੋ-ਦੋ ਕਲੀਨਿਕ ਖੋਲ੍ਹੇ ਜਾਣਗੇ। ਪਹਿਲੇ ਪੜਾਅ ਵਿੱਚ ਅਜਿਹੇ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਜਲਦ ਹੀ 25 ਹੋਰ ਕਲੀਨਿਕ ਖੋਲ੍ਹ ਕੇ ਇਨ੍ਹਾਂ ਦੀ ਗਿਣਤੀ 100 ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਹਰ ਆਮ ਆਦਮੀ ਕਲੀਨਿਕ ਵਿੱਚ ਐਮਬੀਬੀਐਸ ਡਾਕਟਰ, ਫਾਰਮਾਸਿਸਟ, ਨਰਸ ਸਣੇ ਸਟਾਫ਼ ਦੇ 4-5 ਵਿਅਕਤੀ ਹੋਣਗੇ। ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ ਤਕਰੀਬਨ 100 ਟੈਸਟ ਮੁਫ਼ਤ ਕੀਤੇ ਜਾਣਗੇ। ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿੱਚ ਇਨ੍ਹਾਂ ਕਲੀਨਿਕਾਂ ਦੇ ਸਥਾਪਤ ਹੋਣ ਨਾਲ ਉਨ੍ਹਾਂ ਦੀ ਸਰਕਾਰ ਨੇ ਆਪਣੀ ਇਕ ਹੋਰ ਵੱਡੀ ਚੋਣ ਗਾਰੰਟੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ 90 ਫੀਸਦੀ ਮਰੀਜ਼ਾਂ ਨੂੰ ਇਨ੍ਹਾਂ ਕਲੀਨਿਕਾਂ ਤੋਂ ਬਿਹਤਰ ਸਹੂਲਤਾਂ ਮਿਲਣਗੀਆਂ ਜਿਸ ਨਾਲ ਹਸਪਤਾਲਾਂ ਵਿਚ ਬੋਝ ਘਟੇਗਾ। ਸਿਰਫ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਹੀ ਹਸਪਤਾਲਾਂ ਵਿਚ ਰੈਫਰ ਕੀਤਾ ਜਾਇਆ ਕਰੇਗਾ। ਇਹ ਕਲੀਨਿਕ ਲੋਕਾਂ ਨੂੰ ਦਵਾਈਆਂ ਤੇ ਟੈਸਟਾਂ ਦੀ ਸਹੂਲਤ ਮੁਫ਼ਤ ਮੁਹੱਈਆ ਕਰਨਗੇ। ਉਨ੍ਹਾਂ ਦੱਸਿਆ ਕਿ ਮੁਹੱਲਾ ਕਲੀਨਿਕਾਂ ਲਈ 2140 ਉਚ ਸਿੱਖਿਆ ਪ੍ਰਾਪਤ ਡਾਕਟਰਾਂ ਨੇ ਅਪਲਾਈ ਕੀਤਾ ਹੈ। ਇਸ ਮੌਕੇ ਮਦਨ ਲਾਲ ਬੱਗਾ, ਦਲਜੀਤ ਸਿੰਘ ਗਰੇਵਾਲ, ਜੀਵਨ ਸਿੰਘ ਸੰਗੋਵਾਲ, ਕੁਲਵੰਤ ਸਿੰਘ ਸਿੱਧੂ, ਹਰਦੀਪ ਸਿੰਘ ਮੁੰਡੀਆਂ, ਮਨਵਿੰਦਰ ਸਿੰਘ ਗਿਆਸਪੁਰਾ (ਸਾਰੇ ਵਿਧਾਇਕ) ਮੌਜੂਦ ਸਨ।