ਪਿੰਡ ਭਾਗਪੁਰ ਦਾ ਮਾਮਲਾ: ਅਕਾਲੀ ਆਗੂ ਨੇ ਸੜਕ ਦੀ ਗੁਣਵੱਤਾ ’ਤੇ ਸਵਾਲ ਚੁੱਕੇ
ਇੱਕ ਟਨ ਪ੍ਰੀਮਿਕਸ ਲਈ 54 ਕਿਲੋ ਦੀ ਬਜਾਇ ਸਿਰਫ਼ 16 ਕਿਲੋ ਲੁੱਕ ਦੀ ਵਰਤੋਂ ਦੇ ਦੋਸ਼
ਪਿੰਡ ਭਾਗਪੁਰ ਵਿੱਚ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈ ਜਾ ਰਹੀ ਸੜਕ ਦੀ ਗੁਣਵੱਤਾ ’ਤੇ ਅਕਾਲੀ ਆਗੂ ਸਿਮਰਨਜੀਤ ਸਿੰਘ ਢਿੱਲੋਂ, ਸਰਪੰਚ ਗਗਨਦੀਪ ਸਿੰਘ ਢਿੱਲੋਂ ਅਤੇ ਸਮੂਹ ਪੰਚਾਇਤ ਨੇ ਸਵਾਲ ਚੁੱਕੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਢਿੱਲੋਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਜੱਦੀ ਪਿੰਡ ਭਾਗਪੁਰ ਵਿੱਚ ਬਣ ਰਹੀ ਸੜਕ ਵਿੱਚ ਲੱਖਾਂ ਰੁਪਏ ਦਾ ਘੁਟਾਲਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਭਾਗਪੁਰ ’ਚ 2.34 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕੀਤਾ ਗਿਆ ਜੋ ਬਣਨ ਤੋਂ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਜਦੋਂ ਪੰਚਾਇਤ ਵੱਲੋਂ ਇਸ ਸੜਕ ਵਿੱਚ ਵਰਤੇ ਗਏ ਮੈਟੀਰੀਅਲ ਦੀ ਗੁਣਵੱਤਾ ’ਤੇ ਸ਼ੱਕ ਪਿਆ ਤਾਂ ਉਨ੍ਹਾਂ ਵੱਲੋਂ ਇਸ ਦੇ ਸੈਂਪਲ ਲੈ ਕੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਦੀ ਲੈਬਾਰਟਰੀ ’ਚ ਜਾਂਚ ਲਈ ਭੇਜ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਸੜਕ ਨਿਰਮਾਣ ’ਚ ਵਰਤੇ ਗਏ ਮੈਟੀਰੀਅਲ ਦੀ ਜਾਂਚ ਤੋਂ ਬਾਅਦ ਆਈ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਜਿਹੜੀ ਸੜਕ ਬਣਾਈ ਗਈ ਹੈ, ਉਸ ’ਚ ਸਿਰਫ਼ 1.6 ਪ੍ਰਤੀਸ਼ਤ ਹੀ ਲੁੱਕ ਦੀ ਵਰਤੋਂ ਕੀਤੀ ਗਈ ਹੈ, ਜੋ ਸੜਕ ਦੀ ਗੁਣਵੱਤਾ ਨੂੰ ਵੱਡਾ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਕਿਸੇ ਵੀ ਸੜਕ ਦੇ ਨਿਰਮਾਣ ਲਈ ਬਣਾਏ ਗਏ ਮਾਪਦੰਡਾਂ ਨੂੰ ਦੇਖਿਆ ਜਾਵੇ ਤਾਂ ਸੜਕ ਲਈ 5.4 ਪ੍ਰਤੀਸ਼ਤ ਲੁੱਕ ਪਾਈ ਜਾਂਦੀ ਹੈ, ਭਾਵ ਜੇਕਰ ਇੱਕ ਟਨ ਮਾਲ ਤਿਆਰ ਹੁੰਦਾ ਹੈ ਤਾਂ ਉਸ ’ਚ 54 ਕਿਲੋ ਲੁੱਕ ਪਾਈ ਜਾਂਦੀ ਹੈ ਪਰ ਇੱਥੇ ਸਿਰਫ਼ 16 ਕਿਲੋ ਲੁੱਕ ਹੀ ਪਾਈ ਗਈ ਹੈ ਅਤੇ 38 ਕਿਲੋ ਲੁੱਕ ਦਾ ਸਿੱਧਾ ਘਪਲਾ ਕੀਤਾ ਗਿਆ ਹੈ ਕਿਉਂਕਿ ਇਸ 2.34 ਕਿਲੋਮੀਟਰ ਦੇ ਏਰੀਏ ਲਈ ਲਗਭਗ 50 ਟਨ ਲੁੱਕ ਪਾਈ ਜਾਣੀ ਚਾਹੀਦੀ ਸੀ, ਪਰ ਇੱਥੇ ਸਿਰਫ਼ 14 ਟਨ ਹੀ ਲੁੱਕ ਪਾਈ ਗਈ ਹੈ। ਅੰਦਾਜ਼ੇ ਅਨੁਸਾਰ ਲਗਭਗ 70 ਪ੍ਰਤੀਸ਼ਤ ਮਾਲ ਘੱਟ ਪਾਇਆ ਗਿਆ ਹੈ। ਇਹ ਸਿਰਫ਼ ਇੱਕ ਸੜਕ ਦਾ ਹਾਲ ਹੈ, ਇਸੇ ਤਰ੍ਹਾਂ ਜੇਕਰ ਹਲਕੇ ’ਚ ਬਣੀਆਂ ਬਾਕੀ ਸੜਕਾਂ ਦੀ ਵੀ ਜਾਂਚ ਕਰਵਾਈ ਜਾਵੇ ਤਾਂ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ।
ਸੜਕ ਦੇ ਨਿਰਮਾਣ ’ਚ ਲੁੱਕ ਮਾਪਦੰਡਾਂ ਅਧੀਨ ਵਰਤੀ ਗਈ ਹੈ: ਐਕਸੀਅਨ
ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਕਮਲਜੀਤ ਸਿੰਘ ਨੇ ਕਿਹਾ ਕਿ ਸੜਕ ਦੇ ਨਿਰਮਾਣ ਵਿੱਚ ਜੋ ਲੁੱਕ ਵਰਤੀ ਗਈ ਹੈ, ਉਹ ਪੂਰੇ ਮਾਪਦੰਡਾਂ ਅਧੀਨ ਹੈ। ਉਨ੍ਹਾਂ ਕਿਹਾ ਕਿ ਜੋ ਦੋਸ਼ ਲਾਏ ਜਾ ਰਹੇ ਹਨ ਕਿ ਕੇਵਲ 1 ਟਨ ਪਿੱਛੇ 16 ਕਿਲੋ ਲੁੱਕ ਵਰਤੀ ਗਈ ਹੈ, ਉਸ ਨਾਲ ਤਾਂ ਬਜਰੀ ਦਾ ਰੰਗ ਕਾਲਾ ਵੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਹ ਸੈਂਪਲ ਬਿਲਕੁਲ ਗਲਤ ਲਏ ਗਏ ਹਨ ਅਤੇ ਸੜਕ ਦੀ ਗੁਣਵੱਤਾ ਵਿੱਚ ਕੋਈ ਖ਼ਰਾਬੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਭਾਗ ਆਪਣੇ ਤੌਰ ’ਤੇ ਸੜਕ ਦੇ ਮੈਟੀਰੀਅਲ ਦੀ ਜਾਂਚ ਕਰਵਾ ਕੇ ਰਿਪੋਰਟ ਲੋਕਾਂ ਸਾਹਮਣੇ ਰੱਖੇਗਾ।

