ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਰਸਾਤਾਂ ਤੋਂ ਪਹਿਲਾਂ ਨਿਗਮ ਨੂੰ ਆਈ ਬੁੱਢੇ ਦਰਿਆ ਦਾ ਯਾਦ

ਬੁੱਢੇ ਦਰਿਆ ਦੀ ਨਿਯਮਤ ਸਫ਼ਾਈ ਅਤੇ ਰੋਡ ਜਾਲੀਆਂ ਦੀ ਸਫ਼ਾਈ ਯਕੀਨੀ ਬਣਾਉਣ ਦੇ ਨਿਰਦੇਸ਼
Advertisement

ਮੌਨਸੂਨ ਤੋਂ ਪਹਿਲਾਂ ਅੰਦਰੂਨੀ ਨਾਲਿਆਂ ਦੀ ਸਫ਼ਾਈ ਦੇ ਵੀ ਹੁਕਮ ਜਾਰੀ; ਹੜ੍ਹ ਕੰਟਰੋਲ ਰੂਮ ਹੋਵੇਗਾ ਸਥਾਪਤ

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਲੁਧਿਆਣਾ, 20 ਜੂਨ

ਬਰਸਾਤ ਦਾ ਸੀਜ਼ਨ ਸਿਰ ’ਤੇ ਆਉਂਦਿਆਂ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਬੁੱਢੇ ਦਰਿਆ ਦੀ ਸਫ਼ਾਈ ਦੀ ਯਾਦ ਆ ਗਈ। ਮੌਨਸੂਨ ਸੀਜ਼ਨ ਦੌਰਾਨ ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਨੇ ਬੁੱਢੇ ਦਰਿਆ ਦੀ ਸਫ਼ਾਈ ਤੇ ਹੋਰ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਜ਼ਮੀਨੀ ਸਟਾਫ਼ ਨੂੰ ਇਸ ਸਬੰਧੀ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ।

ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਦੇ ਨਿਰਦੇਸ਼ਾਂ ’ਤੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ, ਜਿਸ ਵਿੱਚ ਸਟਾਫ਼ ਨੂੰ ’ਬੁੱਢੇ ਦਰਿਆ’ ਦੀ ਨਿਯਮਤ ਸਫਾਈ, ਗਾਰ ਕੱਢਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੋਕਲੇਨ ਮਸ਼ੀਨਾਂ ਪਹਿਲਾਂ ਹੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਗਾਰ ਕੱਢਣ ਦਾ ਕੰਮ ਨਿਯਮਤ ਤੌਰ ’ਤੇ ਚੱਲ ਰਿਹਾ ਹੈ। ਮੀਟਿੰਗ ਵਿੱਚ ਮੁੱਖ ਇੰਜਨੀਅਰ ਰਵਿੰਦਰ ਗਰਗ, ਕਾਰਜਕਾਰੀ ਇੰਜਨੀਅਰ ਏਕਜੋਤ ਸਿੰਘ, ਕਾਰਜਕਾਰੀ ਇੰਜੀਨੀਅਰ ਪਰਸ਼ੋਤਮ ਸਿੰਘ ਸਮੇਤ ਸੰਚਾਲਨ ਅਤੇ ਰੱਖ-ਰਖਾਅ (ਓ.ਐਂਡ.ਐਮ) ਸੈੱਲ ਦੇ ਹੋਰ ਐਸ.ਡੀ.ਓਜ਼ ਮੌਜੂਦ ਸਨ।

‘ਬੁੱਢੇ ਦਰਿਆ’ ਤੋਂ ਇਲਾਵਾ, ਸ਼ਹਿਰ ਦੇ ਅੰਦਰੂਨੀ ਨਾਲਿਆਂ, ਰੋਡ ਜਾਲੀਆਂ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ, ਜਿਸ ਵਿੱਚ ਗੁਰਦੁਆਰਾ ਦੁਖਨਿਵਾਰਨ ਸਾਹਿਬ ਤੋਂ ਸ਼ਿੰਗਾਰ ਸਿਨੇਮਾ ਰੋਡ ਤੱਕ ਨਾਲਾ, ਢੋਕਾ ਮੁਹੱਲਾ, ਧਰਮਪੁਰਾ, ਕਿਤਾਬ ਬਾਜ਼ਾਰ, ਦੋਮੋਰੀਆ ਪੁਲ, ਬਾੜੇਵਾਲ ਨਾਲਾ ਆਦਿ ਸ਼ਾਮਲ ਹਨ।

ਫੀਲਡ ਸਟਾਫ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਭਰ ਦੀਆਂ ਰੋਡ ਜਾਲੀਆਂ ਨੂੰ ਮੌਨਸੂਨ ਆਉਣ ਤੋਂ ਪਹਿਲਾਂ ਸਾਫ਼ ਕੀਤਾ ਜਾਵੇ। ਫੀਲਡ ਸਟਾਫ ਨੂੰ ਉੱਚ ਅਧਿਕਾਰੀਆਂ ਕੋਲ ਇਸ ਸਬੰਧੀ ਸਰਟੀਫਿਕੇਟ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਾਰੇ ਪੰਪਿੰਗ ਸਟੇਸ਼ਨਾਂ ’ਤੇ ਜਨਰੇਟਰ ਸੈੱਟ ਲਗਾਏ ਜਾਣ, ਤਾਂ ਜੋ ਬਿਜਲੀ ਬੰਦ ਹੋਣ ਦੀ ਸਥਿਤੀ ਵਿੱਚ ਮੀਂਹ ਦੇ ਪਾਣੀ ਨੂੰ ਕੱਢਣ ਵਿੱਚ ਕੋਈ ਦੇਰੀ ਨਾ ਹੋਵੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਪੱਖੋਵਾਲ ਰੋਡ ਆਰ.ਯੂ.ਬੀ., ਲੋਧੀ ਕਲੱਬ ਨੇੜੇ ਅੰਡਰਪਾਸ, ਦੋਮੋਰੀਆ ਪੁਲ ਆਦਿ ਸਮੇਤ ਰੇਲਵੇ ਅੰਡਰਬ੍ਰਿਜਾਂ (ਆਰ.ਯੂ.ਬੀ.) ’ਤੇ ਪਾਣੀ ਜਮ੍ਹਾਂ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਤੋਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਹੜ੍ਹ ਕੰਟਰੋਲ ਰੂਮ ਵੀ ਸਥਾਪਤ ਕੀਤਾ ਜਾਵੇਗਾ ਅਤੇ ਹੈਲਪਲਾਈਨ ਨੰਬਰ ਜਨਤਾ ਨਾਲ ਸਾਂਝਾ ਕੀਤਾ ਜਾਵੇਗਾ। ਜ਼ਮੀਨੀ ਸਟਾਫ ਨੂੰ ਪਹਿਲਾਂ ਤੋਂ ਸਾਰੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਡੇਚਲਵਾਲ ਨੇ ਅੱਗੇ ਕਿਹਾ ਕਿ ਜ਼ੋਨਲ ਕਮਿਸ਼ਨਰਾਂ ਨੂੰ ਵੀ ਆਪਣੇ-ਆਪਣੇ ਜ਼ੋਨਾਂ ਵਿੱਚ ਸਥਿਤੀ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਹ ਆਉਣ ਵਾਲੇ ਦਿਨਾਂ ਵਿੱਚ ਜ਼ਮੀਨੀ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਫੀਲਡ ਨਿਰੀਖਣ ਵੀ ਕਰਨਗੇ।

Advertisement