ਪੱਤਰ ਪ੍ਰੇਰਕ
ਮਾਛੀਵਾੜਾ, 4 ਫਰਵਰੀ
ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਤੱਖਰਾਂ ਵਿੱਚ ਬਜ਼ੁਰਗ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤ ਦੀ ਪਛਾਣ ਤੱਖਰਾਂ ਵਾਸੀ ਕਰਮਜੀਤ ਸਿੰਘ ਵਜੋਂ ਹੋਈ ਹੈ। ਉਹ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਪਿੰਡ ਤੱਖਰਾਂ ਦੇ ਹੀ ਮੋਹਣ ਸਿੰਘ ਨੇ ਉਸ ਕੋਲੋਂ ਕਾਫ਼ੀ ਸਮਾਂ ਪਹਿਲਾਂ ਸੱਤ ਲੱਖ ਰੁਪਏ ਉਧਾਰ ਲਏ ਸਨ। ਮੋਹਣ ਸਿੰਘ ਨੇ ਫੋਨ ਕਰ ਕੇ ਕਿਹਾ ਕਿ ਉਹ ਸੱਤ ਲੱਖ ਰੁਪਏ ਵਾਪਸ ਕਰਨਾ ਚਾਹੁੰਦਾ ਹੈ। ਕਰਮਜੀਤ ਆਪਣੀ ਸਕੂਟਰੀ ਲੈ ਕੇ ਨੇੜੇ ਹੀ ਪਿੰਡ ਭਮਾ ਦੇ ਅੱਡੇ ‘ਤੇ ਪਹੁੰਚ ਗਿਆ। ਇੱਥੇ ਮੋਹਣ ਸਿੰਘ ਨਾਲ ਇੱਕ ਹੋਰ ਵਿਅਕਤੀ ਖੜ੍ਹਾ ਸੀ, ਜਿਸ ਨੇ ਮੂੰਹ ਢਕਿਆ ਹੋਇਆ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਉਸ ਨੂੰ ਪਿੰਡ ਸ਼ੇਰੀਆਂ ਦੇ ਰਜਵਾਹੇ ਵੱਲ ਲੈ ਗਏ। ਇੱਥੇ ਮੋਹਣ ਸਿੰਘ ਤੇ ਅਣਪਛਾਤੇ ਵਿਅਕਤੀ ਨੇ ਉਸ ਦੇ ਸਿਰ ‘ਤੇ ਹਥੌੜਿਆਂ ਨਾਲ ਕਈ ਵਾਰ ਕੀਤੇ। ਉਨ੍ਹਾਂ ਕਿਹਾ ਕਿ ਇਹ ਦੋਵੇਂ ਉਸ ਨੂੰ ਮਰਿਆ ਸਮਝ ਕੇ ਜੇਬ ‘ਚੋਂ ਮੋਬਾਈਲ ਤੇ ਪਰਸ ਵੀ ਕੱਢ ਕੇ ਲੈ ਗਏ। ਪਰਸ ਵਿਚ ਲਗਪਗ 20 ਹਜ਼ਾਰ ਤੇ ਜ਼ਰੂਰੀ ਕਾਗਜ਼ਾਤ ਸਨ। ਉਸ ਨੇ ਕਿਹਾ ਕਿ ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਹਸਪਤਾਲ ਵਿਚ ਦਾਖ਼ਲ ਸੀ। ਕੂੰਮਕਲਾਂ ਪੁਲੀਸ ਨੇ ਮੋਹਣ ਸਿੰਘ ਤੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰ ਕੇ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।