ਗਗਨਦੀਪ ਅਰੋੜਾ
ਲੁਧਿਆਣਾ, 28 ਅਗਸਤ
ਸਨਅਤੀ ਸ਼ਹਿਰ ਦੇ ਬੱਦੋਵਾਲ ਖੇਤਰ ਵਿੱਚ ਪੰਜ ਦਨਿ ਪਹਿਲਾਂ ਛੱਤ ਡਿੱਗਣ ਦੇ ਮਾਮਲੇ ਵਿੱਚ ਹਾਲੇ ਵੀ ਸਕੂਲ ਬੰਦ ਪਿਆ ਹੈ। ਅੱਜ ਸਕੂਲ ਦੇ 650 ਵਿਦਿਆਰਥੀਆਂ ਨੂੰ ਪਿੰਡ ਦੇ ਪ੍ਰਾਇਮਰੀ, ਮਿਡਲ ਤੇ ਨਜ਼ਦੀਕੀ ਗੁਰਦੁਆਰੇ ਵਿੱਚ ਸ਼ਿਫ਼ਟ ਕੀਤਾ ਗਿਆ। ਜਿਥੇ ਬੱਚਿਆਂ ਨੇ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਪੜ੍ਹਾਈ ਕੀਤੀ। ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਅੱਜ ਸਕੂਲ ਖੁੱਲ੍ਹ ਜਾਵੇਗਾ। 5 ਦਨਿ ਪਹਿਲਾਂ ਐਮੀਨੈਂਸ ਸਕੂਲ ਦੀ ਛੱਤ ਡਿੱਗਣ ਨਾਲ ਇੱਥੇ 3 ਅਧਿਆਪਕ ਜ਼ਖਮੀ ਹੋ ਗਏ ਸਨ, ਜਦੋਂਕਿ 1 ਅਧਿਆਪਕ ਰਵਿੰਦਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਡੀਸੀ ਸੁਰਭੀ ਮਲਿਕ ਨੇ ਕਿਹਾ ਕਿ ਮੈਜਿਸਟ੍ਰੇਟ ਜਾਂਚ ਹਾਲੇ ਜਾਰੀ ਹੈ। ਕਈ ਵਿਭਾਗਾਂ ਨੂੰ ਰਿਕਾਰਡ ਮੰਗਵਾ ਕੇ ਚੈਕ ਕਰਵਾਇਆ ਜਾ ਰਿਹਾ ਹੈ।
ਉਧਰ, ਸਕੂਲ ਵਿੱਚ ਉਸਾਰੀ ਦਾ ਕੰਮ ਕਰਨ ਵਾਲਾ ਮੁਲਜ਼ਮ ਭਾਜਪਾ ਆਗੂ ਠੇਕੇਦਾਰ ਅਨਮੋਲ ਕਤਿਆਲ ਪਿਛਲੇ 5 ਦਨਿ ਤੋਂ ਫ਼ਰਾਰ ਚੱਲ ਰਿਹਾ ਹੈ। ਪੁਲੀਸ ਦੀਆਂ ਟੀਮਾਂ ਉਸ ਨੂੰ ਲੱਭ ਰਹੀਆਂ ਹਨ। ਮੁਲਜ਼ਮ ਦੇ ਮੋਬਾਈਲ ਦੀ ਲੋਕੇਸ਼ਨ ਟਰੇਸ ਕਰਕੇ ਛਾਪੇ ਮਾਰੇ ਜਾ ਰਹੇ ਹਨ। ਬੀਤੇ ਦਨਿ ਵੀ ਪੁਲੀਸ ਨੇ ਠੇਕੇਦਾਰ ਦੇ ਘਰ ਛਾਪਾ ਮਾਰਿਆ ਸੀ, ਪਰ ਉਹ ਘਰ ’ਤੇ ਮੌਜੂਦ ਨਹੀਂ ਸੀ।
ਉਧਰ, ਡੀਈਓ ਡਿੰਪਲ ਮਦਾਨ ਨੇ ਕਿਹਾ ਕਿ ਐਮੀਨੈਂਸ ਸਕੂਲ ਦੇ ਵਿਦਿਆਰਥੀਆਂ ਨੂੰ ਪਿੰਡ ਦੇ ਪ੍ਰਾਇਮਰੀ ਮਿਡਲ ਅਤੇ ਗੁਰਦੁਆਰੇ ਵਿੱਚ ਸ਼ਿਫ਼ਟ ਕੀਤਾ ਹੈ। ਬੱਚੇ ਬਿਲਕੁਲ ਸੁਰੱਖਿਅਤ ਪੜ੍ਹ ਰਹੇ ਹਨ। ਡੀਸੀ ਸੁਰਭੀ ਮਲਿਕ ਦੇ ਹੁਕਮਾਂ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਉਧਰ ਜ਼ਿਲ੍ਹੇ ’ਚ ਜਿੱਥੇ ਕਿਤੇ ਵੀ ਸਕੂਲਾਂ ’ਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਉਥੇ ਪੂਰਨ ਤੌਰ ’ਤੇ ਵਿਦਿਆਰਥੀਆਂ ਤੇ ਸਟਾਫ਼ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਜੇ ਕਿਸੇ ਸਕੂਲ ’ਚ ਉਸਾਰੀ ਦਾ ਕੰਮ ਹੋਣਾ ਵੀ ਹੈ ਤਾਂ ਉਹ ਛੁੱਟੀ ਤੋਂ ਬਾਅਦ ਹੋਵੇਗਾ।
ਐਮੀਨੈਂਸ ਤਹਿਤ ਜ਼ਿਲ੍ਹੇ ’ਚ ਤਕਰੀਬਨ 9 ਸਕੂਲਾਂ ’ਚ ਹਾਲੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ’ਚ ਜਗਰਾਉਂ ਲੜਕੇ, ਮਾਡਲ ਟਾਊਨ, ਮੁੰਡੀਆਂ ਕਲਾਂ, ਖੰਨਾ ਦੇ ਸਕੂਲ ਮੁੱਖ ਤੌਰ ’ਤੇ ਸ਼ਾਮਲ ਹਨ। ਇਨ੍ਹਾਂ ਸਕੂਲਾਂ ’ਚ ਮੁਰੰਮਤ ਦੇ ਚੱਲਦੇ ਸਕੂਲ ਬੰਦ ਕਰਵਾ ਦਿੱਤੇ ਗਏ ਹਨ।
ਕਰੋੜਾਂ ਦੀ ਮਿਲੀ ਗ੍ਰਾਂਟ ਦੀ ਹੋਵੇਗੀ ਜਾਂਚ
ਜਾਂਚ ਕਮੇਟੀ ਨੇ ਰਿਕਾਰਡ ’ਚ ਚੈਕ ਕਰਨਾ ਹੈ ਕਿ ਪਿਛਲੇ ਤਿੰਨ ਸਾਲਾਂ ’ਚ ਸਕੂਲ ਨੂੰ ਸਵਿਲ ਵਰਕ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ ਤੇ ਉਨ੍ਹਾਂ ਨੇ ਕਿੱਥੇ ਕਿੱਥੇ ਤੇ ਕਦੋਂ ਇਹ ਪੈਸੇ ਲਾਏ ਹਨ। ਗ੍ਰਾਂਟ ਨੂੰ ਕਿੰਨੇ ਸਮੇਂ ’ਚ ਖਰਚ ਕੀਤਾ ਗਿਆ ਹੈ।