ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਜਾਗਰੂਕਤਾ ਮੁਹਿੰਮ
ਪੱਤਰ ਪ੍ਰੇਰਕ
ਪਾਇਲ, 4 ਜੂਨ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਕਿਸਾਨ, ਮਜ਼ਦੂਰ, ਛੋਟਾ ਵਪਾਰੀ ਅਤੇ ਦੁਕਾਨਦਾਰਾਂ ਨੂੰ ਭਵਿੱਖ ’ਚ ਕੇਂਦਰ ਸਰਕਾਰ ਵੱਲੋਂ ਅਮਰੀਕਾ, ਨਿਊਜ਼ੀਲੈਂਡ ਅਤੇ ਹੋਰਨਾਂ ਮੁਲਕਾਂ ਨਾਲ ਕੀਤੇ ਜਾ ਰਹੇ ਫ਼ਰੀ ਟਰੇਡ ਸਮਝੋਤਿਆਂ ਪ੍ਰਤੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ ਹੈ। ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਪਨੈਚ ਨੇ ਅੱਜ ਆਪਣੀ ਟੀਮ ਸਮੇਤ ਦੁਕਾਨਦਾਰਾਂ ਨਾਲ ਡੋਰ-ਟੂ-ਡੋਰ ਸੰਪਰਕ ਕਰਕੇ ਉਨ੍ਹਾਂ ਨੂੰ ਜਾਗਰੂਕਤਾ ਪਰਚੇ ਵੰਡੇ ਤੇ ਦੱਸਿਆ ਕਿ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਪਿੱਛੇ ਲੱਗ ਕੇ ਜ਼ਮੀਨ ਅਤੇ ਕਾਰੋਬਾਰ ਨੂੰ ਹਥਿਆਉਣ ਲਈ ਹੱਥਕੰਡੇ ਆਪਣਾ ਰਹੀ ਹੈ।
ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਗਿਣੀ ਮਿਥੀ ਚਾਲ ਰਾਹੀ ਕਿਸਾਨ ਜਥੇਬੰਦੀਆਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਦੇ ਉਨ੍ਹਾਂ ਨੂੰ ਵਿਕਾਸ ਵਿਰੋਧੀ ਅਤੇ ਕਦੇ ਸੜਕਾਂ ਰੋਕਣ ਵਾਲੇ ਦੱਸਕੇ ਪੇਸ਼ ਕਰਨ ਦੇ ਨੈਰੇਟਿਵ ਨੂੰ ਤੋੜ ਮਰੋੜ ਕੇ, ਕਿਸਾਨ, ਮਜ਼ਦੂਰ ਅਤੇ ਵਪਾਰੀ ਏਕਤਾ ਨੂੰ ਮਜ਼ਬੂਤ ਕਰਕੇ ਸਰਕਾਰ ਦੇ ਇਸ ਨੈਰੇਟਿਵ ਨੂੰ ਤੋੜਿਆ ਗਿਆ ਹੈ। ਅੱਜ ਦੁਕਾਨਦਾਰਾਂ ਨੇ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਗੁਰਮੇਲ ਸਿੰਘ ਸਿਹੋੜਾ, ਮਾਸਟਰ ਗੁਰਦੀਪ ਸਿੰਘ ਸਿਹੋੜਾ, ਸੀਨੀਅਰ ਆਗੂ ਬੇਅੰਤ ਸਿੰਘ ਹੋਲ, ਨੰਬਰਦਾਰ ਦਿਲਬਾਗ ਸਿੰਘ ਕੋਟ ਪਨੈਚ, ਜਨ ਸਕੱਤਰ ਗੁਰਦੀਪ ਸਿੰਘ ਦਾਊਮਾਜਰਾ, ਮਲਕੀਤ ਸਿੰਘ ਇਸਨਪੁਰ, ਗੁਰਸੇਵਕ ਸਿੰਘ ਰੁਪਾਲੋਂ, ਬਲਵਿੰਦਰ ਸਿੰਘ ਕੁਲਾਰ, ਸਰਪੰਚ ਕੈਪਟਨ ਸੁਖਰਾਜ ਸਿੰਘ ਬੀਜਾ, ਸਿਕੰਦਰ ਸਿੰਘ ਮੋਹਨਪੁਰ ਤੇ ਹੋਰ ਮੌਜੂਦ ਸਨ।