DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

CrimeNews: ਨੌਜਵਾਨ ਨੂੰ ਲੁੱਟਣ ਵਾਲੇ ਆਟੋ ਗੈਂਗ ਦੇ ਤਿੰਨ ਮੈਂਬਰ ਕਾਬੂ

ਵਾਰਦਾਤ ਵਿੱਚ ਵਰਤਿਆ ਆਟੋ ਤੇ 10 ਮੋਬਾਈਲ ਬਰਾਮਦ

  • fb
  • twitter
  • whatsapp
  • whatsapp
featured-img featured-img
ਆਟੋ ਗੈਂਗ ਦੇ ਮੈਂਬਰਾਂ ਬਾਰੇ ਦੱਸਦੇ ਹੋਏ ਏ ਡੀ ਸੀ ਪੀ ਸਮੀਰ ਵਰਮਾ ਅਤੇ ਹੋਰ।
Advertisement
ਸ਼ਹਿਰ ਦੇ ਘੰਟਾਘਰ ਚੌਂਕ ਤੋਂ ਖ਼ਰੀਦਦਾਰੀ ਕਰ ਕੇ ਘਰ ਪਰਤ ਰਹੇ ਪਰਵਾਸੀ ਨੌਜਵਾਨ ਨੂੰ ਆਟੋ ਸਵਾਰ ਬਦਮਾਸ਼ਾਂ ਨੇ ਰਸਤੇ ਵਿੱਚ ਬੰਧਕ ਬਣਾ ਕੇ ਕੁੱਟਮਾਰ ਕਰਦਿਆਂ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ ਅਤੇ ਚੱਲਦੇ ਆਟੋ ਵਿੱਚੋਂ ਸੁੱਟ ਕੇ ਫਰਾਰ ਹੋ ਗਏ। ਥਾਣਾ ਕੋਤਵਾਲੀ ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ 24 ਘੰਟਿਆਂ ਦੇ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ‘ਆਟੋ ਗੈਂਗ’ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸ਼ਿਮਲਾਪੁਰੀ ਦੇ ਪ੍ਰੀਤ ਨਗਰ ਦੇ ਰਹਿਣ ਵਾਲੇ ਵਿਜੇ ਕੁਮਾਰ, ਸੂਰਜ ਨਗਰ ਦੇ ਜਸਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਉਰਫ਼ ਅਮਨ ਵਜੋਂ ਹੋਈ ਹੈ, ਜਿਨਾਂ ਕੋਲੋਂ ਵਾਰਦਾਤ ਦੌਰਾਨ ਵਰਤੇ ਆਟੋ ਤੋਂ ਇਲਾਵਾ ਲੋਕਾਂ ਤੋਂ ਖੋਹੇ ਹੋਏ 10 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ।

ਏ ਡੀ ਸੀ ਪੀ ਸਮੀਰ ਵਰਮਾ ਨੇ ਦੱਸਿਆ ਕਿ ਥਾਣਾ ਕੋਤਵਾਲੀ ਦੇ ਐੱਸ ਐੱਚ ਓ ਇੰਸਪੈਕਟਰ ਪਰਮਵੀਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਨੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਸ਼ਿਕਾਇਤਕਰਤਾ ਇਸਰਾਫ਼ਿਲ ਯੂ ਪੀ ਦਾ ਰਹਿਣ ਵਾਲਾ ਹੈ ਤੇ ਇੱਥੇ ਲੁਧਿਆਣਾ ਦੇ ਪਿੰਡ ਠਕਰਵਾਲ ’ਚ ਰਹਿ ਰਿਹਾ ਹੈ। ਉਸ ਨੇ ਪੁਲੀਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਹ ਚੌੜਾ ਬਾਜ਼ਾਰ ਤੋਂ ਸਾਮਾਨ ਖ਼ਰੀਦ ਕੇ ਵਾਪਸ ਜਾ ਰਿਹਾ ਸੀ। ਉਹ ਰੇਖੀ ਚੌਕ ਤੋਂ ਭਾਈਵਾਲਾ ਚੌਕ ਜਾਣ ਲਈ ਇੱਕ ਆਟੋ ਵਿੱਚ ਬੈਠ ਗਿਆ ਜਿਸ ਵਿੱਚ ਚਾਲਕ ਅਤੇ ਦੋ ਹੋਰ ਵਿਅਕਤੀ ਪਹਿਲਾਂ ਹੀ ਬੈਠੇ ਸਨ। ਸਥਾਨਕ ਬੱਸ ਅੱਡੇ ਨੇੜੇ ਪਹੁੰਚਣ ’ਤੇ ਆਟੋ ਵਿੱਚ ਸਵਾਰ ਤਿੰਨਾਂ ਜਣਿਆਂ ਨੇ ਉਸ ਦੀ ਕੁੱਟਮਾਰ ਕਰ ਕੇ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ ਅਤੇ ਉਸ ਨੂੰ ਚੱਲਦੇ ਆਟੋ ਵਿੱਚੋਂ ਸੜਕ ’ਤੇ ਸੁੱਟ ਕੇ ਫਰਾਰ ਹੋ ਗਏ।

Advertisement

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਆਧਾਰ ’ਤੇ ਫੜੇ ਗਏ ਮੁਲਜ਼ਮਾਂ ਵਿੱਚੋਂ ਵਿਜੈ ਕੁਮਾਰ ਪੇਸ਼ੇਵਰ ਅਪਰਾਧੀ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਥਾਣਾ ਜੋਧੇਵਾਲ, ਥਾਣਾ ਮੋਤੀ ਨਗਰ ਅਤੇ ਥਾਣਾ ਡਿਵੀਜ਼ਨ ਨੰਬਰ 6 ਵਿੱਚ ਅਸਲਾ ਐਕਟ, ਚੋਰੀ, ਧੋਖਾਧੜੀ ਅਤੇ ਲੁੱਟ-ਖੋਹ ਵਰਗੇ ਚਾਰ ਕੇਸ ਦਰਜ ਹਨ। ਏ ਐੱਸ ਆਈ ਸੋਮਨਾਥ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਮੁਲਜ਼ਮਾਂ ਕੋਲੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

Advertisement

Advertisement
×