ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਸਰਦਾਰ-ਏ-ਕੌਮ’ ਐਵਾਰਡ ਨਾਲ ਸਨਮਾਨਿਤ ਅਤੇ ਵੱਖ ਵੱਖ ਭਾਸ਼ਾਵਾਂ ਵਿੱਚ 110 ਦੇ ਕਰੀਬ ਧਾਰਮਿਕ ਪੁਸਤਕਾਂ ਦੇ ਲੇਖਕ ਡਾ. ਸਰੂਪ ਸਿੰਘ ਅਲੱਗ ਦਾ ਅੱਜ ਸ਼ਾਮ ਦੇਹਾਂਤ ਹੋ ਗਿਆ ਹੈ। ਉਹ 86 ਵਰ੍ਹਿਆਂ ਦੇ ਸਨ। ਡਾ. ਅਲੱਗ ਪਿਛਲੇ ਲਗਪਗ ਡੇਢ ਮਹੀਨੇ ਤੋਂ ਸੀਐੱਮਸੀ ਹਸਪਤਾਲ ਵਿੱਚ ਇਲਾਜ ਅਧੀਨ ਸ। ਡਾ: ਸਰੂਪ ਸਿੰਘ ਅਲੱਗ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਲਿਖੀ ਪੁਸਤਕ ‘ਹਰਿਮੰਦਰ ਦਰਸ਼ਨ’ ਦੇ 218 ਐਡੀਸ਼ਨ ਪ੍ਰਕਾਸ਼ਿਤ ਹੋਏ ਸਨ, ਜਿਸ ਨੇ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਇਨਾਮ ਵੀ ਜਿੱਤਿਆ ਹੈ। ਡਾ. ਸਰੂਪ ਸਿੰਘ ਅਲੱਗ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਅਤੇ ਉਸਤੋਂ ਬਾਅਦ ਧਾਰਮਿਕ ਪੁਸਤਕਾਂ ਦੀ ਪ੍ਰਕਾਸ਼ਨਾ ਵਿੱਚ ਲੱਗ ਗਏ ਸਨ। ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਿੰਸੀਪਲ ਗੰਗਾ ਸਿੰਘ ਯਾਦਗਾਰੀ ਐਵਾਰਡ ਨਾਲ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਪੁੱਤਰ ਸੁਖਿੰਦਰਪਾਲ ਸਿੰਘ ਅਲੱਗ ਨੇ ਦੱਸਿਆ ਕਿ ਡਾ. ਸਰੂਪ ਸਿੰਘ ਅਲੱਗ ਦਾ ਸਸਕਾਰ 6 ਅਗਸਤ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 12 ਵਜੇ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।