ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਜਨਵਰੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਆਸਟਰੇਲੀਆ ਦੇ ਹਾਈ ਕਮਿਸ਼ਨਰ ਐੱਚ ਈ ਬੈਰੀ ਓ ਫੇਰਿਲ ਅਤੇ ਉਨ੍ਹਾਂ ਦੀ ਟੀਮ ਨਾਲ ਖੇਤੀ ਦੇ ਵੱਖ-ਵੱਖ ਖੇਤਰਾਂ ਵਿੱਚ ਸਾਂਝ ਦੇ ਮੌਕਿਆਂ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਆਸਟਰੇਲਿਆਈ ਡੈਲੀਗੇਸ਼ਨ ਵਿੱਚ ਸੈਕਿੰਡ ਸੈਕਟਰੀ ਮਿਸ ਲੌਰੀਨ ਡਾਂਸਰ, ਸੀਨੀਅਰ ਨੀਤੀ ਅਧਿਕਾਰੀ ਪ੍ਰਗਿਆ ਸੇਠੀ ਅਤੇ ਦੱਖਣ ਏਸ਼ੀਆ ਦੇ ਖੇਤਰੀ ਪ੍ਰਬੰਧਕ ਡਾ. ਪ੍ਰਤਿਭਾ ਸਿੰਘ ਸ਼ਾਮਲ ਸਨ। ਸ੍ਰੀ ਫੇਰਿਲ ਨੇ ਡਿਜੀਟਲ ਤਕਨਾਲੋਜੀ ਅਤੇ ਉਸਨੂੰ ਲਾਗੂ ਕਰਨ ਲਈ ਸਾਂਝ ਦੀਆਂ ਸੰਭਾਵਨਾਵਾਂ ਉੱਪਰ ਚਾਨਣਾ ਪਾਇਆ। ਉਨ੍ਹਾਂ ਸਾਂਝ ਲਈ ਨਿੰਬੂ ਜਾਤੀ ਦੇ ਫ਼ਲਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਮੌਸਮ ਉਲਟ ਹੋਣ ਕਾਰਨ ਸਾਂਝ ਦੀ ਹਾਲਤ ਵਿੱਚ ਬਾਗਬਾਨੀ ਉਤਪਾਦ ਸਾਰਾ ਸਾਲ ਮੁਹੱਈਆ ਹੋ ਸਕਦੇ ਹਨ। ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਖੋਜ, ਅਧਿਆਪਨ ਤੇ ਹੋਰ ਖੇਤਰਾਂ ’ਚ ਗਿਆਨ-ਵਟਾਂਦਰੇ ਲਈ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਦੀ ਨੀਤੀ ਦੀ ਮਜ਼ਬੂਤੀ ਉੱਪਰ ਜ਼ੋਰ ਦਿੱਤਾ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਭਾਰਤ ਤੇ ਆਸਟਰੇਲੀਆ ਦੇ ਖੇਤੀ ਸਾਂਝ ਦੇ ਇਤਿਹਾਸ ’ਤੇ ਰੌਸ਼ਨੀ ਪਾਈ। ਰਜਿਸਟਰਾਰ ਡਾ. ਰਜਿੰਦਰ ਸਿੰਘ ਸਿੱਧੂ ਨੇ ਦੋਵਾਂ ਦੇਸ਼ਾਂ ਵਿੱਚ ਦੁਵੱਲੀ ਸਾਂਝ ਲਈ ਸੰਵਾਦ ਨੂੰ ਅੱਗੇ ਵਧਾਇਆ। ਅਖੀਰ ਵਿੱਚ ਵੀਸੀ ਨੇ ਹਾਈ ਕਮਿਸ਼ਨਰ ਅਤੇ ਟੀਮ ਨੂੰ ਸਨਮਾਨ ਚਿੰਨ੍ਹ, ਸ਼ਾਲ ਅਤੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ।
ਪੀਏਯੂ ਦੇ ਨਵੇਂ ਗੇਟ ਦਾ ਉਦਘਾਟਨ
ਪੀਏਯੂ ਵਿੱਚ ਹਰੀ ਕ੍ਰਾਂਤੀ ਦਾ ਸੁਨੇਹਾ ਦੇਣ ਵਾਲੇ ਨਵੇਂ ਤਿਆਰ ਹੋਏ ਗੇਟ ਨੰਬਰ 2 ਦਾ ਬੀਤੀ ਦੇਰ ਸ਼ਾਮ ਉਦਘਾਟਨ ਹੋ ਗਿਆ। ਪੀਏਯੂ ਵਿੱਚ ਦੋ ਕੁ ਸਾਲ ਪਹਿਲਾਂ ਪੀਏਯੂ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਗੇਟ ਨੰਬਰ ਇੱਕ ਨੂੰ ਪੁਰਾਤਨ ਡਿਜ਼ਾਇਨ ਵਿੱਚ ਤਿਆਰ ਕੀਤਾ ਗਿਆ ਸੀ ਅਤੇ ਹੁਣ ਉਸ ਗੇਟ ਦੀ ਤਰਜ਼ ’ਤੇ ਹੀ ਹਰੀ ਕ੍ਰਾਂਤੀ ਨੂੰ ਸਮਰਪਿਤ ਗੇਟ ਨੰਬਰ 2 ਤਿਆਰ ਕੀਤਾ ਗਿਆ ਹੈ। ਇਸ ਗੇਟ ਦਾ ਪੀਏਯੂ ਦੇ ਉਪ ਕੁਲਪਤੀ ਅਤੇ ਹੋਰ ਕਈ ਸਖਸ਼ੀਅਤਾਂ ਨੇ ਦੇਰ ਸ਼ਾਮ ਉਦਘਾਟਨ ਕੀਤਾ। ਉੱਚ ਅਧਿਕਾਰੀ ਡਾ. ਵਿਸ਼ਵਜੀਤ ਹਾਂਸ ਨੇ ਦੱਸਿਆ ਕਿ ਇਸ ’ਤੇ ਲਗਭਗ 25-30 ਲੱਖ ਰੁਪਏ ਖਰਚ ਆਏ ਹਨ ਅਤੇ ਇਹ ਸਹਾਇਤਾ ਪੀਏਯੂ ਅਲੂਮਨੀ, ਐਨਜੀਓ ਅਤੇ ਕੁਝ ਕਾਰਪੋਰੇਟ ਘਰਾਣਿਆਂ ਨੇ ਕੀਤੀ ਹੈ। ਗੇਟ ਦੇ ਉਪਰ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਯੂਨੀਵਰਸਿਟੀ ਦਾ ਨਾਮ ਲਿਖਿਆ ਹੋਇਆ ਹੈ।