ਮਨੀ ਟਰਾਂਸਫਰ ਕਾਰੋਬਾਰੀ ਨੂੰ ਲੁੱਟਣ ਦੀ ਕੋਸ਼ਿਸ਼
ਫਾਇਰਿੰਗ ’ਚ ਦੁਕਾਨਦਾਰ ਫੱਟੜ; ਬਚਾਅ ਕਰਨ ਆਏ ਗੁਆਂਢੀ ’ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ
ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਮਾਧੋਪੁਰੀ ਵਿੱਚ ਦੇਰ ਰਾਤ ਮੋਟਰਸਾਈਕਲ ਸਵਾਰ ਨਕਾਬਪੋਸ਼ ਮੁਲਜ਼ਮਾਂ ਨੇ ਮਨੀ ਟਰਾਂਸਫਰ ਕਾਰੋਬਾਰੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ’ਤੇ ਦੁਕਾਨਦਾਰ ’ਤੇ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਦੌਰਾਨ ਬਚਾਅ ਕਰਨ ਆਏ ਇੱਕ ਗੁਆਂਢੀ ’ਤੇ ਵੀ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਦੁਕਾਨਦਾਰ ਦੀ ਬਹਾਦਰੀ ਕਾਰਨ ਮੁਲਜ਼ਮ ਕੈਸ਼ ਲੁੱਟਣ ਵਿੱਚ ਅਸਫ਼ਲ ਰਹੇ। ਵਾਰਦਾਤ ਮਾਧੋਪੁਰੀ ਦੀ ਗਲੀ ਨੰਬਰ 18 ਵਿੱਚ ਸਥਿਤ ਸਾਹਿਲ ਟੈਲੀਕਾਮ ’ਤੇ ਵਾਪਰੀ। ਦੁਕਾਨ ਦੇ ਮਾਲਕ ਮੁਹੰਮਦ ਅੰਜਾਰ ਆਲਮ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਦੁਕਾਨ ਵਿੱਚ ਦਾਖ਼ਲ ਹੁੰਦੇ ਹੀ ਉਸ ’ਤੇ ਪਿਸਤੌਲ ਤਾਣ ਲਈ ਅਤੇ ਸਾਰਾ ਕੈਸ਼ ਦੇਣ ਦੀ ਧਮਕੀ ਦਿੱਤੀ। ਜਦੋਂ ਉਸ ਨੇ ਰੌਲਾ ਪਾਇਆ ਤਾਂ ਇੱਕ ਮੁਲਜ਼ਮ ਨੇ ਗੋਲੀ ਚਲਾ ਦਿੱਤੀ, ਜੋ ਦੁਕਾਨਦਾਰ ਦੇ ਸੱਜੇ ਹੱਥ ਨੂੰ ਚੀਰਦੀ ਹੋਈ ਨਿਕਲ ਗਈ। ਫੱਟੜ ਹੋਣ ਦੇ ਬਾਵਜੂਦ ਦੁਕਾਨਦਾਰ ਨੇ ਹਿੰਮਤ ਨਹੀਂ ਹਾਰੀ ਅਤੇ ਜਦੋਂ ਮੁਲਜ਼ਮ ਪੈਸਿਆਂ ਵਾਲਾ ਲਿਫ਼ਾਫ਼ਾ ਲੈ ਕੇ ਭੱਜਣ ਲੱਗੇ ਤਾਂ ਉਸ ਨੇ ਬਾਸਕਟਬਾਲ ਦੇ ਡੰਡੇ ਨਾਲ ਹਮਲਾਵਰ ਦੇ ਸਿਰ ’ਤੇ ਵਾਰ ਕੀਤਾ, ਜਿਸ ਨਾਲ ਮੁਲਜ਼ਮ ਫੱਟੜ ਹੋ ਗਿਆ ਅਤੇ ਪੈਸਿਆਂ ਵਾਲਾ ਲਿਫ਼ਾਫ਼ਾ ਸੜਕ ’ਤੇ ਹੀ ਡਿੱਗ ਪਿਆ।
ਇਸ ਦੌਰਾਨ ਗੁਆਂਢੀ ਕਰਿਆਨਾ ਸਟੋਰ ਦਾ ਮਾਲਕ ਨਿੱਕੂ ਮੌਕੇ ’ਤੇ ਪੁੱਜ ਗਿਆ। ਲੁਟੇਰਿਆਂ ਨੇ ਉਸਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਚਸ਼ਮਦੀਦਾਂ ਅਨੁਸਾਰ ਭੱਜਦੇ ਸਮੇਂ ਮੁਲਜ਼ਮਾਂ ਨੇ ਕਰੀਬ ਤਿੰਨ ਤੋਂ ਚਾਰ ਰਾਊਂਡ ਹਵਾਈ ਫਾਇਰ ਕੀਤੇ। ਥਾਣਾ ਦਰੇਸੀ ਦੀ ਪੁਲੀਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

