ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਜੂਨ
ਵਿਦੇਸ਼ ਰਹਿੰਦੇ ਪਰਿਵਾਰ ਦੇ ਮਕਾਨ ’ਤੇ ਮਿਲੀਭੁਗਤ ਨਾਲ ਮਕਾਨ ਦਾ ਤਾਲਾ ਤੋੜ ਕੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਪੁਲੀਸ ਨੇ ਸੁਖਦੇਵ ਕੌਰ ਵਾਸੀ ਬੀਜਾ ਦੀ ਸ਼ਿਕਾਇਤ ’ਤੇ ਛੇ ਵਿਅਕਤੀਆਂ ਸਤਨਪਾਲ ਸਿੰਘ, ਕਿਰਨਦੀਪ ਕੌਰ ਉਰਫ਼ ਰਾਣੀ, ਲਖਵੀਰ ਸਿੰਘ, ਜਸਵੀਰ ਸਿੰਘ ਉਰਫ਼ ਸੁੱਖਾ, ਲਵਪ੍ਰੀਤ ਸਿੰਘ ਉਰਫ਼ ਅਜੇ (ਸਾਰੇ ਵਾਸੀ ਲਲਹੇੜੀ) ਅਤੇ ਅਵਤਾਰ ਸਿੰਘ ਉਰਫ਼ ਤਾਰੀ ਵਾਸੀ ਇਕੋਲਾਹਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੁਖਦੇਵ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਫਰਵਰੀ, 2020 ਨੂੰ ਲਲਹੇੜੀ ਸਥਿਤ ਆਪਣੇ ਘਰ ਨੂੰ ਤਾਲੇ ਲਗਾ ਕੇ ਆਪਣੇ ਲੜਕੇ ਕੋਲ ਅਸਟਰੇਲੀਆ ਗਈ ਸੀ, ਜੋ ਕਰੀਬ ਪੰਜ ਸਾਲ ਬਾਅਦ ਜਨਵਰੀ ’ਚ ਭਾਰਤ ਆਇਆ ਸੀ। ਜਦੋਂ ਆਪਣੇ ਪਿੰਡ ਸਥਿਤ ਮਕਾਨ ਵਿੱਚ ਗੇੜਾ ਮਾਰਨ ਗਈ ਤਾਂ ਘਰ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਜਦੋਂ ਅੰਦਰ ਗਈ ਤਾਂ ਇਕ ਕਮਰੇ ਦਾ ਤਾਲਾ ਵੀ ਟੁੱਟਿਆ ਮਿਲਿਆ, ਜਦੋਂ ਕਿ ਇਕ ਕਮਰੇ ਬਾਕੀ ਦੇ ਚਾਰ ਕਮਰਿਆਂ ਨੂੰ ਤਾਲਾ ਲੱਗਾ ਹੋਇਆ ਸੀ, ਜਦੋਂ ਕਿ ਘਰ ਦੀਆਂ ਚਾਬੀਆਂ ਉਸ ਕੋਲ ਹਨ। ਉਸ ਨੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਕਿਰਨਦੀਪ ਕੌਰ ਉਰਫ਼ ਰਾਣੀ, ਸਤਪਾਲ ਸਿੰਘ, ਲਖਵੀਰ ਸਿੰਘ, ਜਸਵੀਰ ਸਿੰਘ ਉਰਫ਼ ਸੁੱਖਾ, ਲਵਪ੍ਰੀਤ ਸਿੰਘ ਉਰਫ਼ ਅਜੈ ਨਾਲ ਪਿੰਦਰ ਕੌਰ ਉਰਫ਼ ਕਾਲੋ ਬੈਠੇ ਸਨ ਜੋ ਉਸ ਨੂੰ ਦੇਖ ਕੇ ਘਬਰਾ ਗਏ ਅਤੇ ਕਿਰਨਦੀਪ ਕੌਰ ਉਸ ਨੂੰ ਗਾਲੀ-ਗਲੋਚ ਕਰਨ ਲੱਗੀ। ਇਸ ਉਪਰੰਤ ਤਾਰੀ ਨਾਂ ਦੇ ਵਿਅਕਤੀ ਨੇ ਉਸ ਦੀ ਸਪੀਕਰ ’ਤੇ ਕਿਸੇ ਨਾਲ ਫੋਨ ਤੇ ਗੱਲ ਕਰਵਾਈ, ਜਿਸ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਘਰੋਂ ਬਾਹਰ ਨਿਕਲਣ ਲਈ ਕਿਹਾ। ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।